ਅਮਰੀਕਾ ਨੇ ਕੀਤਾ ਪ੍ਰਮਾਣੂ ਮਿਜ਼ਾਈਲ ਦਾ ਪ੍ਰੀਖਣ, ਕੈਲੀਫੋਰਨੀਆ ਤੋਂ ਦਾਗੀ ਮਿੰਟਮੈਨ-3

Wednesday, Nov 05, 2025 - 08:29 PM (IST)

ਅਮਰੀਕਾ ਨੇ ਕੀਤਾ ਪ੍ਰਮਾਣੂ ਮਿਜ਼ਾਈਲ ਦਾ ਪ੍ਰੀਖਣ, ਕੈਲੀਫੋਰਨੀਆ ਤੋਂ ਦਾਗੀ ਮਿੰਟਮੈਨ-3

ਇੰਟਰਨੈਸ਼ਨਲ ਡੈਸਕ - ਅਮਰੀਕਾ ਨੇ ਬਿਨਾਂ ਹਥਿਆਰ ਵਾਲੀ ਮਿਨਟਮੈਨ-3 ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਜਾਣਕਾਰੀ ਅਮਰੀਕੀ ਸਪੇਸ ਫੋਰਸ ਕਮਾਂਡ ਨੇ ਦਿੱਤੀ। ਇਹ ਮਿਜ਼ਾਈਲ ਕੈਲੀਫੋਰਨੀਆ ਦੇ ਵੈਂਡਨਬਰਗ ਏਅਰ ਫੋਰਸ ਬੇਸ ਤੋਂ ਦਾਗੀ ਗਈ ਸੀ।

ਇਸ ਪ੍ਰੀਖਣ ਦਾ ਮੁੱਖ ਮਕਸਦ ICBM ਪ੍ਰਣਾਲੀ ਦੀ ਭਰੋਸੇਯੋਗਤਾ, ਓਪਰੇਸ਼ਨਲ ਤਿਆਰੀ ਅਤੇ ਸਟੀਕਤਾ ਨੂੰ ਜਾਂਚਣਾ ਸੀ। ਮਿਨਟਮੈਨ-3 ਆਪਣੇ ਨਾਲ ਪ੍ਰਮਾਣੂ ਹਥਿਆਰ ਲਿਜਾਣ ਦੀ ਸਮਰੱਥਾ ਰੱਖਦੀ ਹੈ ਅਤੇ ਇਹ 14,000 ਕਿਲੋਮੀਟਰ ਤੱਕ ਹਮਲਾ ਕਰ ਸਕਦੀ ਹੈ।

ਪ੍ਰੀਖਣ ਦੌਰਾਨ, ਮਿਜ਼ਾਈਲ ਨੇ ਲਗਭਗ 4,200 ਮੀਲ (6759 ਕਿਲੋਮੀਟਰ) ਦੀ ਦੂਰੀ ਤੈਅ ਕੀਤੀ ਅਤੇ ਮਾਰਸ਼ਲ ਆਈਲੈਂਡਜ਼ ਦੀ ਰੋਨਾਲਡ ਰੀਗਨ ਬੈਲਿਸਟਿਕ ਮਿਜ਼ਾਈਲ ਡਿਫੈਂਸ ਟੈਸਟ ਸਾਈਟ ਤੱਕ ਪਹੁੰਚੀ। ਇਸ ਦੌਰਾਨ, ਰਡਾਰਾਂ ਅਤੇ ਸੈਂਸਰਾਂ ਰਾਹੀਂ ਮਿਜ਼ਾਈਲ ਦੀ ਕਾਰਗੁਜ਼ਾਰੀ ਦਾ ਡਾਟਾ ਇਕੱਠਾ ਕੀਤਾ ਗਿਆ।

ਇਹ ਪ੍ਰੀਖਣ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਮਿਜ਼ਾਈਲ ਲਗਭਗ 50 ਸਾਲ ਪੁਰਾਣੀ ਹੈ। ਅਮਰੀਕਾ ਇਸ ਨੂੰ ਨਵੇਂ LGM-35A ਸੈਂਟੀਨਲ ਸਿਸਟਮ ਨਾਲ ਬਦਲ ਰਿਹਾ ਹੈ, ਪਰ ਨਵੀਂ ਮਿਜ਼ਾਈਲ ਵਿੱਚ ਦੇਰੀ ਅਤੇ ਲਾਗਤ ਵਧਣ (ਪਹਿਲਾਂ $78 ਬਿਲੀਅਨ ਤੋਂ ਹੁਣ $140 ਬਿਲੀਅਨ ਤੋਂ ਵੱਧ) ਕਾਰਨ ਮਿਨਟਮੈਨ-3 ਦੀ ਭਰੋਸੇਯੋਗਤਾ ਬਣਾਈ ਰੱਖਣੀ ਜ਼ਰੂਰੀ ਹੈ। ਜਨਰਲ ਐਸ.ਐਲ. ਡੇਵਿਸ ਨੇ ਕਿਹਾ ਕਿ ਪ੍ਰੀਖਣ ਨੇ ਸਾਬਤ ਕੀਤਾ ਕਿ ਮਿਨਟਮੈਨ-3 ਅਜੇ ਵੀ ਸਹੀ ਅਤੇ ਭਰੋਸੇਮੰਦ ਹੈ। ਇਸ ਤੋਂ ਪਹਿਲਾਂ ਮਿਨਟਮੈਨ-3 ਦਾ ਪ੍ਰੀਖਣ ਮਈ ਵਿੱਚ ਹੋਇਆ ਸੀ।
 


author

Inder Prajapati

Content Editor

Related News