ਪਾਕਿਸਤਾਨ ਦੇ ਬਿਨਾਂ ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ ਅਸੰਭਵ ਸੀ : ਕੁਰੈਸ਼ੀ

Sunday, Feb 23, 2020 - 01:03 AM (IST)

ਪਾਕਿਸਤਾਨ ਦੇ ਬਿਨਾਂ ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ ਅਸੰਭਵ ਸੀ : ਕੁਰੈਸ਼ੀ

ਇਸਲਾਮਾਬਾਦ (ਭਾਸ਼ਾ)- ਅਮਰੀਕਾ ਅਤੇ ਅਫਗਾਨ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਸਿਹਰਾ ਲੈਂਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਸਫਲ ਵਾਰਤਾ ਵਿਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਅਮਰੀਕਾ ਨਾਲ ਕੀਤੇ ਗਏ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਕ ਸਮਝੌਤਾ ਹੋ ਸਕਦਾ ਹੈ। ਪੋਂਪੀਓ ਮੁਤਾਬਕ ਅਗਲੇ ਹਫਤੇ ਅਮਰੀਕਾ-ਤਾਲਿਬਾਨ ਸਮਝੌਤੇ 'ਤੇ ਹਸਤਾਖਰ ਹੋ ਸਕਦੇ ਹਨ। ਇਹ ਇਤਿਹਾਸਕ ਸਮਝੌਤਾ ਅਮਰੀਕਾ ਦੇ ਸਭ ਤੋਂ ਲੰਬੇ ਵਿਵਾਦ ਨੂੰ ਖਤਮ ਕਰਨ ਦਾ ਰਸਤਾ ਸਾਫ ਕਰੇਗਾ।

ਕੁਰੈਸ਼ੀ ਨੇ ਇਸ ਸੌਦੇ ਨੂੰ ਇਕ ਇਤਿਹਾਸਕ ਸਫਲਤਾ ਕਰਾਰ ਦਿੰਦੇ ਕਿਹਾ ਕਿ ਇਸ ਲਈ ਪਾਕਿਸਤਾਨ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਪੂਰੀ ਪ੍ਰਕਿਰਿਆ ਵਿਚ ਸ਼ਾਮਲ ਸੀ। ਵਿਦੇਸ਼ ਮੰਤਰਾਲੇ ਨੇ ਕੁਰੈਸ਼ੀ ਦੇ ਹਵਾਲੇ ਤੋਂ ਕਿਹਾ ਕਿ ਇਸ ਸੌਦੇ 'ਤੇ ਪਾਕਿਸਤਾਨ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ ਜਾਣਗੇ ਕਿਉਂਕਿ ਸਾਡੀਆਂ ਕੋਸ਼ਿਸ਼ਾਂ ਤੋਂ ਬਿਨਾਂ ਇਹ ਸੌਦਾ ਅਸੰਭਵ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਾਂਤੀ ਪ੍ਰਕਿਰਿਆ ਵਿਚ ਪੂਰੀ ਈਮਾਨਦਾਰੀ ਦੇ ਨਾਲ ਭੂਮਿਕਾ ਨਿਭਾਈ ਹੈ ਅਤੇ ਇਹ ਹੁਣ ਅਫਗਾਨ ਸਰਕਾਰ ਦੇ ਅਜਿਹਾ ਕਰਨ ਦੀ ਵਾਰੀ ਹੈ। ਕੁਰੈਸ਼ੀ ਨੇ ਕਿਹਾ ਕਿ ਜਦੋਂ ਪੋਂਪੀਓ ਪਿਛਲੇ ਸਾਲ ਪਾਕਿਸਤਾਨ ਆਏ ਸਨ ਤਾਂ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਚੰਗੇ ਨਹੀਂ ਸਨ। ਕੁਰੈਸ਼ੀ ਨੇ ਕਿਹਾ ਕਿ ਪੋਂਪੀਓ ਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਬਿਹਤਰ ਕਰਨ ਦਾ ਰਸਤਾ ਕਾਬੁਲ ਤੋਂ ਹੋ ਕੇ ਲੰਘਦਾ ਹੈ। ਹੁਣ ਮੈਂ ਉਨ੍ਹਾਂ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਨਾ ਸਿਰਫ ਅਸੀਂ ਇਕ ਸ਼ਾਂਤੀ ਟੀਮ ਦਾ ਨਿਰਮਾਣ ਕੀਤਾ, ਸਗੋਂ ਅਸੀਂ ਵਾਰਤਾ ਸਫਲ ਕਰਨ ਵਿਚ ਵੀ ਆਪਣੀ ਭੂਮਿਕਾ ਨਿਭਾਈ। 


author

Sunny Mehra

Content Editor

Related News