''ਕਵਾਡ'' ਖ਼ਿਲਾਫ਼ ਬੰਗਲਾਦੇਸ਼ ਨੂੰ ਚੀਨ ਦੀ ਚਿਤਾਵਨੀ ''ਤੇ ਅਮਰੀਕਾ ਨੇ ਲਿਆ ਨੋਟਿਸ

05/12/2021 11:23:41 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਕਵਾਡ ਵਿਚ ਸ਼ਾਮਲ ਹੋਣ ਖ਼ਿਲਾਫ਼ ਬੰਗਲਾਦੇਸ਼ ਨੂੰ ਚਿਤਾਵਨੀ ਦੇਣ ਵਾਲੇ ਚੀਨੀ ਡਿਪਲੋਮੈਟ ਦੇ ਬਿਆਨ 'ਤੇ ਨੋਟਿਸ ਲਿਆ ਹੈ। ਕਵਾਡ ਹਿੰਦ-ਪ੍ਰਸਾਂਤ ਖੇਤਰ ਵਿਚ ਸਹਿਯੋਗ ਕਰਨ ਲਈ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦਾ ਗੈਰ ਰਸਮੀ ਸਮੂਹ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਇਸ ਨੇ ਮੰਗਲਵਾਰ ਨੂੰ ਆਪਣੇ ਨਿਯਮਿਤ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਦੇ ਬੰਗਲਾਦੇਸ਼ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਹਨ। ਪ੍ਰਾਇਸ ਨੇ ਕਿਹਾ,''ਅਸੀਂ ਬੰਗਲਾਦੇਸ਼ ਵਿਚ ਚੀਨ ਦੇ ਰਾਜਦੂਤ ਦੇ ਬਿਆਨ 'ਤੇ ਨੋਟਿਸ ਲਿਆ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬੰਗਲਾਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹਾਂ ਅਤੇ ਅਸੀਂ ਬੰਗਲਾਦੇਸ਼ ਦੇ ਆਪਣੇ ਲਈ ਵਿਦੇਸ਼ ਨੀਤੀ ਦੇ ਫ਼ੈਸਲੇ ਲੈਣ ਦੇ ਅਧਿਕਾਰ ਦਾ ਵੀ ਸਨਮਾਨ ਕਰਦੇ ਹਾਂ।'' 

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਅਮਰੀਕਾ ਆਰਥਿਕ ਵਾਧੇ, ਜਲਵਾਯੂ ਤਬਦੀਲੀ ਤੋਂ ਲੈ ਕੇ ਮਨੁੱਖੀ ਮੁੱਦਿਆਂ 'ਤੇ ਆਪਣੇ ਸਹਿਯੋਗੀਆਂ ਦੇ ਕਰੀਬ ਹੈ। ਪ੍ਰਾਇਸ ਨੇ ਕਿਹਾ,''ਜਦੋਂ ਕਵਾਡ ਦੀ ਗੱਲ ਆਉਂਦੀ ਹੈ ਤਾਂ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਇਹ ਇਕ ਗੈਰ ਰਸਮੀ, ਜ਼ਰੂਰੀ, ਬਹੁਪੱਖੀ ਵਿਵਸਥਾ ਹੈ ਜਿਸ ਵਿਚ ਇਕੋ ਜਿਹੀ ਸੋਚ ਵਾਲੇ ਲੋਕਤੰਤਰੀ ਦੇਸ਼ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਕਰਦੇ ਹਨ। ਹਿੰਦ-ਪ੍ਰਸ਼ਾਂਤ ਮੁਕਤ ਖੇਤਰ ਦੇ ਸਾਡੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਹਨ।'' ਗੌਰਤਲਬ ਹੈ ਕਿ ਢਾਕਾ ਵਿਚ ਚੀਨ ਦੇ ਰਾਜਦੂਤ ਲੀ ਜਿਮਿੰਗ ਨੇ ਸੋਮਵਾਰ ਨੂੰ ਉਕਸਾਵੇ ਵਾਲੀ ਟਿੱਪਣੀ ਕਰਦਿਆਂ ਬੰਗਲਾਦੇਸ਼ ਨੂੰ ਅਮਰੀਕਾ ਦੀ ਅਗਵਾਈ ਵਾਲੇ ਕਵਾਡ ਗਠਜੋੜ ਵਿਚ ਸਾਮਲ ਹੋਣ ਨੂੰ ਲੈਕੇ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਢਾਕਾ ਦੇ ਇਸ ਬੀਜਿੰਗ ਵਿਰੋਧੀ 'ਕਲੱਬ' ਦਾ ਹਿੱਸਾ ਬਣਨ 'ਤੇ ਦੋ-ਪੱਖੀ ਸੰਬੰਧਾਂ ਨੂੰ ਭਾਰੀ ਨੁਕਸਾਨ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਯੂਨੀਵਰਸਿਟੀ ਨੇ mRNA ਵੈਕਸੀਨ ਬਣਾਉਣ ਦੀ ਯੋਜਨਾ ਦਾ ਕੀਤਾ ਖੁਲਾਸਾ

ਡਿਪਲੋਮੈਟਿਕ ਕੌਰਸਪੋਂਡੈਂਟਸ ਐਸੋਸੀਏਸ਼ਨ ਬੰਗਲਾਦੇਸ਼ ਵੱਲੋਂ ਸੋਮਵਾਰ ਨੂੰ ਆਯੋਜਿਤ ਡਿਜੀਟਲ ਬੈਠਕ ਵਿਚ ਲੀ ਨੇ ਕਿਹਾ,''ਬੰਗਲਾਦੇਸ਼ ਲਈ ਚਾਰ ਦੇਸ਼ਾਂ ਦੇ ਇਸ ਛੋਟੇ ਜਿਹੇ ਕਲੱਬ (ਕਵਾਡ) ਵਿਚ ਸ਼ਾਮਲ ਹੋਣਾ ਨਿਸ਼ਚਿਤ ਤੌਰ 'ਤੇ ਸਹੀ ਵਿਚਾਰ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਦੋ-ਪੱਖੀ ਸੰਬੰਧਾਂ ਨੂੰ ਭਾਰੀ ਨੁਕਸਾਨ ਹੋਵੇਗਾ।'' ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾਕਟਰ ਏਕੇ ਅਬਦੁੱਲ ਮੋਮਿਨ ਨੇ ਚੀਨੀ ਰਾਜਦੂਤ ਦੀਆਂ ਟਿੱਪਣੀਆਂ ਨੂੰ ਬਹੁਤ ਮੰਦਭਾਗਾ ਅਤੇ ਹਮਲਾਵਰ ਦੱਸਿਆ। ਮੋਮਿਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਅਸੀਂ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਹਾਂ। ਅਸੀਂ ਆਪਣੀ ਵਿਦੇਸ਼ ਨੀਤੀ ਖੁਦ ਤੈਅ ਕਰਦੇ ਹਾਂ।'' ਕਵਾਡੀਲੇਟਰਲ ਸਿਕਓਰਿਟੀ ਡਾਇਲਾਗ ਨੂੰ ਸੰਖੇਪ ਵਿਚ ਕਵਾਡ ਕਿਹਾ ਜਾਂਦਾ ਹੈ। ਇਸ ਦਾ ਗਠਨ ਸਾਲ 2007 ਵਿਚ ਕੀਤਾ ਗਿਆ ਸੀ। ਇਸ ਵਿਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News