ਮਿਸਰ ''ਚ 486 ਦਿਨ ਤਕ ਕੈਦ ਰਹਿਣ ਮਗਰੋਂ ਅਮਰੀਕੀ ਵਿਦਿਆਰਥੀ ਰਿਹਾਅ
Tuesday, Jul 07, 2020 - 01:39 PM (IST)

ਕਾਹਿਰਾ- ਮਿਸਰ ਵਿਚ ਬਿਨਾ ਕਿਸੇ ਸੁਣਵਾਈ ਦੇ ਤਕਰੀਬਨ 500 ਦਿਨ ਤਕ ਹਿਰਾਸਤ ਵਿਚ ਰਹਿਣ ਦੇ ਬਾਅਦ ਇਕ ਅਮਰੀਕੀ ਮੈਡੀਕਲ ਵਿਦਿਆਰਥੀ ਨੂੰ ਅਮਰੀਕਾ ਵਾਪਸ ਜਾਣ ਲਈ ਰਿਹਾਅ ਕਰ ਦਿੱਤਾ ਗਿਆ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਵਿਦਿਆਰਥੀ ਦੀ ਰਿਹਾਈ ਦੀ ਪੈਰਵੀ ਕਰਨ ਵਾਲੇ ਫਰੀਡਮ ਇਨਿਸ਼ਿਏਟਵ ਸਮੂਹ ਮੁਤਾਬਕ ਉਸ ਦੀ ਪਛਾਣ ਮੁਹੰਮਦ ਆਮਾਸ਼ਾਹ ਦੇ ਤੌਰ 'ਤੇ ਹੋਈ ਹੈ। ਉਹ ਨਿਊਜਰਸੀ ਵਿਚ ਜਰਸੀ ਸਿਟੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਕੋਲ ਮਿਸਰ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਹੈ।
ਉਸ ਦੀ ਰਿਹਾਈ ਟਰੰਪ ਪ੍ਰਸ਼ਾਸਨ ਦੇ ਦਬਾਅ ਕਾਰਨ ਹੋਈ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਅਸੀਂ ਮਿਸਰ ਦੀ ਹਿਰਾਸਤ ਤੋਂ ਅਮਰੀਕੀ ਨਾਗਰਿਕ ਮੁਹੰਮਦ ਆਮਾਸ਼ਾਹ ਦੀ ਰਿਹਾਈ ਦਾ ਸਵਾਗਤ ਕਰਦੇ ਹਾਂ ਅਤੇ ਉਸ ਦੇ ਦੇਸ਼ ਵਾਪਸ ਆਉਣ ਦੇ ਸਹਿਯੋਗ ਲਈ ਮਿਸਰ ਨੂੰ ਧੰਨਵਾਦ ਕਰਦੇ ਹਾਂ।