27ਵੇਂ ਦਿਨ ''ਚ ਦਾਖ਼ਲ ਹੋਇਆ ਅਮਰੀਕੀ ਸ਼ਟਡਾਊਨ ! ਹਜ਼ਾਰਾਂ ਫਲਾਈਟਾਂ ਲੇਟ, ਸੈਂਕੜੇ ਹੋਈਆਂ ਰੱਦ

Tuesday, Oct 28, 2025 - 03:02 PM (IST)

27ਵੇਂ ਦਿਨ ''ਚ ਦਾਖ਼ਲ ਹੋਇਆ ਅਮਰੀਕੀ ਸ਼ਟਡਾਊਨ ! ਹਜ਼ਾਰਾਂ ਫਲਾਈਟਾਂ ਲੇਟ, ਸੈਂਕੜੇ ਹੋਈਆਂ ਰੱਦ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਚੱਲ ਰਿਹਾ ਸ਼ਟਡਾਊਨ 27ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਦੇਸ਼ ਭਰ 'ਚ ਹਾਲਾਤ ਬੁਰੇ ਬਣੇ ਹੋਏ ਹਨ ਤੇ ਸ਼ਟਡਾਊਨ ਕਾਰਨ ਦੇਸ਼ ਭਰ ਵਿੱਚ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। 

ਰਿਪੋਰਟਾਂ ਮੁਤਾਬਕ, ਸੋਮਵਾਰ ਨੂੰ 4,000 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਅਤੇ ਲਗਭਗ 118 ਉਡਾਣਾਂ ਰੱਦ ਕਰਨੀਆਂ ਪਈਆਂ, ਜਿਸ ਕਾਰਨ ਲੱਖਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਪਹਿਲਾਂ, ਐਤਵਾਰ ਨੂੰ ਵੀ 8,700 ਤੋਂ ਵੱਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ ਸਨ। ਦੇਸ਼ ਦੇ ਹਵਾਈ ਅੱਡਿਆਂ ਅਤੇ ਏਅਰ ਟ੍ਰੈਫਿਕ ਕੰਟਰੋਲ ਟਾਵਰਾਂ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਵੇਖੀ ਜਾ ਰਹੀ ਹੈ, ਜਿਸ ਕਾਰਨ ਪੂਰੇ ਸਿਸਟਮ ਉੱਤੇ ਦਬਾਅ ਬਹੁਤ ਵਧ ਗਿਆ ਹੈ।

ਇਸ ਸੰਕਟ ਦਾ ਮੁੱਖ ਕਾਰਨ ਇਹ ਹੈ ਕਿ ਲਗਭਗ 13,000 ਏਅਰ ਟ੍ਰੈਫਿਕ ਕੰਟਰੋਲਰ ਅਤੇ 50,000 ਟ੍ਰਾਂਸਪੋਰਟੇਸ਼ਨ ਸਿਕਿਓਰਿਟੀ ਐਡਮਿਨਿਸਟ੍ਰੇਸ਼ਨ (TSA) ਅਧਿਕਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ ਸਟਾਫ ਦੀ ਇਸ ਘਾਟ ਕਾਰਨ ਖਾਸ ਤੌਰ 'ਤੇ ਦੱਖਣ-ਪੂਰਬੀ ਰਾਜਾਂ ਅਤੇ ਨਿਊ ਜਰਸੀ ਵਿੱਚ ਸਥਿਤ ਨਿਊਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ 'ਤੇ ਉਡਾਣਾਂ 'ਤੇ ਖਾਸਾ ਅਸਰ ਪਿਆ ਹੈ। ਇਸੇ ਤਰ੍ਹਾਂ, ਲਾਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ (LAX) 'ਤੇ ਉਡਾਣਾਂ ਨੂੰ ਔਸਤਨ 25 ਮਿੰਟ ਤੱਕ ਰਨਵੇਅ 'ਤੇ ਹੀ ਰੋਕਿਆ ਗਿਆ।

ਇਹ ਵੀ ਪੜ੍ਹੋ- ਨੌਜਵਾਨ ਦਾ ਸ਼ਰਮਨਾਕ ਕਾਰਾ ! ਖ਼ੁਦ ਨੂੰ ਫੌਜੀ ਅਧਿਕਾਰੀ ਦੱਸ ਕੇ ਮਹਿਲਾ ਡਾਕਟਰ ਦੀ ਰੋਲ਼ੀ ਪੱਤ

ਅਮਰੀਕੀ ਆਵਾਜਾਈ ਸਕੱਤਰ ਸ਼ੌਨ ਡਫੀ ਨੇ ਇਸ ਮਨੁੱਖੀ ਸੰਕਟ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਕਰਮਚਾਰੀ ਇਸ ਸਮੇਂ ਮਾਨਸਿਕ ਅਤੇ ਆਰਥਿਕ ਦਬਾਅ ਹੇਠ ਹਨ। ਬਹੁਤ ਸਾਰੇ ਅਧਿਕਾਰੀ ਤਨਖਾਹ 'ਤੇ ਜੀਵਨ ਬਸਰ ਕਰਦੇ ਹਨ, ਇਸ ਲਈ ਹੁਣ ਉਹ ਈਂਧਣ ਅਤੇ ਬੱਚਿਆਂ ਦੀ ਦੇਖਭਾਲ ਦੇ ਖਰਚਿਆਂ ਨੂੰ ਲੈ ਕੇ ਬੇਹੱਦ ਚਿੰਤਿਤ ਹਨ।

ਆਵਾਜਾਈ ਵਿਭਾਗ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸ਼ਟਡਾਊਨ ਖਤਮ ਨਹੀਂ ਹੁੰਦਾ, ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਦੀ ਇਹ ਸਥਿਤੀ ਜਾਰੀ ਰਹੇਗੀ। ਏਅਰਲਾਈਨਾਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਜਾਂਚ ਲੈਣ ਅਤੇ ਲੰਬੇ ਇੰਤਜ਼ਾਰ ਲਈ ਤਿਆਰ ਰਹਿਣ। ਮਾਹਰਾਂ ਦਾ ਮੰਨਣਾ ਹੈ ਕਿ ਸ਼ਟਡਾਊਨ ਖਤਮ ਹੋਣ ਤੋਂ ਬਾਅਦ ਵੀ, ਸਟਾਫ ਦੀ ਕਮੀ ਅਤੇ ਕਾਰਜਕਾਰੀ ਰੁਕਾਵਟਾਂ ਕਾਰਨ ਹਵਾਈ ਆਵਾਜਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਮ ਹੋਣ ਵਿੱਚ ਕਈ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਸਾਰੇ ਸਵਾਰਾਂ ਦੀ ਹੋਈ ਮੌਤ

 


author

Harpreet SIngh

Content Editor

Related News