ਅਮਰੀਕਾ ਨੇ ਤਾਈਵਾਨ ਨੂੰ ਭੇਜੀ ਕੋਰੋਨਾ ਰੋਕੂ ਵੈਕਸੀਨ ਦੀ ਖੇਪ, ਬੌਖਲਾਇਆ ਚੀਨ
Monday, Jun 21, 2021 - 12:49 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਨੇ ਐਤਵਾਰ ਨੂੰ ਦੋਸਤੀ ਨਿਭਾਉਂਦੇ ਹੋਏ ਤਾਈਵਾਨ ਨੂੰ ਮਾਡਰਨਾ ਦੀਆਂ ਕੋਵਿਡ ਰੋਕੂ ਵੈਕਸੀਨ ਦੀਆਂ 25 ਲੱਖ ਖੁਰਾਕਾਂ ਭੇਜੀਆਂ ਹਨ। ਇਸ ਖੇਪ ਦੇ ਜਨ ਸਿਹਤ ਦੇ ਖੇਤਰ ’ਚ ਮਦਦ ਦੇ ਨਾਲ-ਨਾਲ ਆਪਣੇ ਭੂ-ਰਾਜਨੀਤਕ ਮਾਅਨੇ ਵੀ ਹਨ। ਇਹ ਖੇਪ ਜਿਥੇ ਚਾਈਨਾ ਏਅਰਲਾਈਨਜ਼ ਦੇ ਮਾਲਵਾਹਕ ਜਹਾਜ਼ ਰਾਹੀਂ ਪਹੁੰਚੀ ਹੈ। ਇਕ ਦਿਨ ਪਹਿਲਾਂ ਇਸ ਖੇਪ ਨੂੰ ਅਮਰੀਕਾ ਦੇ ਮੇਮਫਿਸ ਤੋਂ ਰਵਾਨਾ ਕੀਤਾ ਗਿਆ ਸੀ। ਰਾਜਧਾਨੀ ਤਾਈਪੇ ਦੇ ਬਾਹਰ ਸਥਿਤ ਹਵਾਈ ਅੱਡੇ ’ਤੇ ਇਸ ਖੇਪ ਦਾ ਸਵਾਗਤ ਕਰਨ ਲਈ ਤਾਈਵਾਨ ’ਚ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਬ੍ਰੇਂਟ ਕ੍ਰਿਸਟਨਸੇਨ ਤੇ ਤਾਈਵਾਨ ਦੇ ਸਿਹਤ ਮੰਤਰੀ ਚੇਨ ਸ਼ੀ ਚੁੰਗ ਮੌਜੂਦ ਸਨ। ਅਮਰੀਕਾ ਦੀ ਤਾਈਵਾਨ ਨਾਲ ਵਧਦੀ ਨਜ਼ਦੀਕੀ ਚੀਨ ਨੂੰ ਰੜਕ ਰਹੀ ਹੈ ਤੇ ਉਹ ਕਈ ਵਾਰ ਦੋਵਾਂ ਦੇਸ਼ਾਂ ਨੂੰ ਧਮਕੀ ਵੀ ਦੇ ਚੁੱਕਾ ਹੈ।
ਇਹ ਵੀ ਪੜ੍ਹੋ : ਆਸਟਰੇਲੀਆ ’ਤੇ ਦੁਨੀਆ ਦਾ ਸਭ ਤੋਂ ਗੁਪਤ ਲੋਕਤੰਤਰ ਬਣਨ ਦਾ ਲੱਗਾ ਦੋਸ਼
ਤਾਈਵਾਨ ’ਚ ਅਮਰੀਕੀ ਇੰਸਟੀਚਿਊਟ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ਇਹ ਖੇਪ ਤਾਈਵਾਨ ਪ੍ਰਤੀ ਇਕ ਵਿਸ਼ਵਾਸਪਾਤਰ ਮਿੱਤਰ ਤੇ ਲੋਕਤੰਤਰ ਦੇ ਅੰਤਰਰਾਸ਼ਟਰੀ ਪਰਿਵਾਰ ਦੇ ਮੈਂਬਰ ਵਜੋਂ ਅਮਰੀਕਾ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਸੰਸਥਾ ਇਕ ਤਰ੍ਹਾਂ ਨਾਲ ਤਾਈਵਾਨ ’ਚ ਅਮਰੀਕਾ ਦਾ ਦੂਤਘਰ ਹੈ। ਤਾਈਵਾਨ ਮਹਾਮਾਰੀ ਦੇ ਕਹਿਰ ਤੋਂ ਇਕ ਤਰ੍ਹਾਂ ਨਾਲ ਬਚਿਆ ਹੋਇਆ ਹੀ ਸੀ ਪਰ ਮਈ ਤੋਂ ਇਥੇ ਵਾਇਰਸ ਦੇ ਮਾਮਲਿਆਂ ’ਚ ਵਾਧਾ ਹੋਇਆ ਤੇ ਹੁਣ ਇਥੇ ਬਾਹਰੋਂ ਵੈਕਸੀਨ ਦੀਆਂ ਖੁਰਾਕਾਂ ਮੰਗਵਾਈਆਂ ਜਾ ਰਹੀਆਂ ਹਨ।
ਤਾਈਵਾਨ ਨੇ ਸਿੱਧੇ ਤੌਰ ’ਤੇ ਮਾਡਰਨਾ ਤੋਂ 55 ਲੱਖ ਵੈਕਸੀਨ ਦੀਆਂ ਖੁਰਾਕਾਂ ਖਰੀਦਣ ਦੇ ਹੁਕਮ ਦਿੱਤੇ ਸਨ ਪਰ ਹੁਣ ਤਕ ਇਸ ਨੂੰ ਸਿਰਫ 3,90,000 ਖੁਰਾਕਾਂ ਹੀ ਮਿਲੀਆਂ ਹਨ। ਚੀਨ ਵੱਲੋਂ ਤਾਈਵਾਨ ’ਤੇ ਵਧ ਰਹੇ ਦਬਾਅ ਦੇ ਸਮੇਂ ’ਚ ਅਮਰੀਕਾ ਵੱਲੋਂ ਦਿੱਤੀ ਗਈ ਮਦਦ ਉਸ ਦੇ ਸਹਿਯੋਗ ਨੂੰ ਦਰਸਾਉਂਦਾ ਹੈ। ਚੀਨ ਤਾਈਵਾਨ ’ਤੇ ਆਪਣਾ ਦਾਅਵਾ ਕਰਦਾ ਰਿਹਾ ਹੈ। ਅਮਰੀਕਾ ਦਾ ਤਾਈਵਾਨ ਨਾਲ ਰਸਮੀ ਡਿਪਲੋਮੈਟਿਕ ਸਬੰਧ ਨਹੀਂ ਹੈ। ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਤਾਈਵਾਨ ਨੂੰ 7,50,000 ਵੈਕਸੀਨ ਦੀਆਂ ਖੁਰਾਕਾਂ ਦੇਣ ਦਾ ਵਾਅਦਾ ਕੀਤਾ ਸੀ।