ਅਮਰੀਕਾ ਦੀ ਪਾਕਿ ਨੂੰ ਚਿਤਾਵਨੀ, ਕਿਹਾ- ਅੱਤਵਾਦ ਨੂੰ ਸਮਰਥਨ ਦੇਣਾ ਕਰੋ ਬੰਦ
Saturday, Oct 12, 2019 - 04:25 PM (IST)

ਵਾਸ਼ਿੰਗਟਨ/ਇਸਲਾਮਾਬਾਦ— ਪਾਕਿਸਤਾਨ ਨੂੰ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣਾ ਬੰਦ ਕਰਨਾ ਹੋਵੇਗਾ। ਇਹ ਕਹਿਣਾ ਹੈ ਯੂ.ਐੱਸ. ਸੈਨੇਟਰ ਮੈਗੀ ਹਸਨ ਦਾ। ਅੱਤਵਾਦ ਦੇ ਮੁੱਦੇ 'ਤੇ ਟਾਪ ਅਮਰੀਕੀ ਸੈਨੇਟਰ ਨੇ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸ ਨੂੰ ਅਫਗਾਨਿਸਤਾਨ 'ਚ ਸਥਿਰਤਾ ਨੂੰ ਮਜ਼ਬੂਤ ਕਰਨ 'ਤੇ ਵੀ ਕੰਮ ਕਰਨਾ ਚਾਹੀਦਾ ਹੈ।
ਦੱਸ ਦਈਏ ਕਿ ਅਮਰੀਕੀ ਸੈਨੇਟਰ ਮੈਗੀ ਹਸਨ ਤੇ ਕ੍ਰਿਸ ਵੈਨ ਹਾਰਲੇਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਫੌਜ ਮੁਖੀ ਕਮਰ ਜਾਵੇਦ ਬਾਜਵਾ ਤੇ ਪਾਕਿਸਤਾਨ ਕੰਟਰੋਲ ਵਾਲੇ ਕਸ਼ਮੀਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਹਸਨ ਨੇ ਕਿਹਾ ਕਿ ਅੱਤਵਾਦੀ ਹਮਲੇ ਤੇ ਇਸ ਦੀ ਵਿਚਾਰਧਾਰਾ ਨੂੰ ਫੈਲਣ ਤੋਂ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਪਾਕਿਸਤਾਨੀ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ। ਹਸਨ ਨੇ ਕਿਹਾ ਕਿ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਖਤਮ ਕਰਨ ਲਈ ਪਾਕਿਸਤਾਨੀ ਅਗਵਾਈ ਨਾਲ ਸਿੱਧੇ ਗੱਲਬਾਤ ਕਰਨਾ ਬੇਹੱਦ ਜ਼ਰੂਰੀ ਸੀ।
ਮੈਗੀ ਹਸਨ ਤੇ ਹਾਰਲੇਨ ਨੇ ਪਾਕਿਸਤਾਨ ਅਧਿਕਾਰਿਤ ਕਸ਼ਮੀਰ ਦਾ ਦੌਰਾ ਵੀ ਕੀਤਾ। ਦੱਸ ਦਈਏ ਕਿ ਹਸਨ ਭਾਰਤ 'ਚ ਤਮਾਮ ਅਹਿਮ ਨੇਤਾਵਾਂ ਤੇ ਵਪਾਰ ਜਗਤ ਦੀਆਂ ਵੱਡੀਆਂ ਹਸਤੀਆਂ ਨਾਲ ਵੀ ਮੁਲਾਕਾਤ ਕਰੇਗੀ। ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਅੰਤਰਰਾਸ਼ਟਰੀ ਵਪਾਰ ਨੂੰ ਵਧਾਉਣ ਜਿਹੇ ਮੁੱਦੇ ਨੂੰ ਲੈ ਕੇ ਚਰਚਾ ਹੋਵੇਗੀ।