ਅਮਰੀਕਾ ਭਾਰਤ ਨੂੰ ਆਪਣਾ ਲਾਜ਼ਮੀ ਭਾਈਵਾਲ ਮੰਨਦਾ ਹੈ: ਵ੍ਹਾਈਟ ਹਾਊਸ
Thursday, Aug 25, 2022 - 04:38 PM (IST)

ਵਾਸ਼ਿੰਗਟਨ (ਏਜੰਸੀ)- ਯੂਕ੍ਰੇਨ ਮੁੱਦੇ ‘ਤੇ ਭਾਵੇਂ ਭਾਰਤ ਅਤੇ ਅਮਰੀਕਾ ਆਪੋ-ਆਪਣੇ ਰਾਸ਼ਟਰੀ ਹਿੱਤਾਂ ਦੇ ਤਹਿਤ ਕੰਮ ਕਰ ਰਹੇ ਹਨ ਪਰ ਅਮਰੀਕਾ, ਭਾਰਤ ਨੂੰ ਆਪਣਾ ਲਾਜ਼ਮੀ ਭਾਈਵਾਲ ਮੰਨਦਾ ਹੈ। ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫ਼ਤਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਨ ਜੀਨ-ਪੀਅਰੇ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ, ''ਸਾਡਾ ਮੰਨਣਾ ਹੈ ਕਿ (ਭਾਰਤੀ) ਭਾਈਵਾਲ ਲਾਜ਼ਮੀ ਹੈ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਾਂਝੀ ਵਚਨਬੱਧਤਾ 'ਤੇ ਆਧਾਰਿਤ ਹੈ।"
ਪ੍ਰੈੱਸ ਸਕੱਤਰ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਦੂਰੀ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ, 'ਤੁਸੀਂ ਰਾਸ਼ਟਰਪਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਕਾਨੂੰਨ ਦੇ ਰਾਜ ਅਤੇ ਮਨੁੱਖੀ ਆਜ਼ਾਦੀ ਅਤੇ ਸਨਮਾਨ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।' ਜੀਨ-ਪੀਅਰੇ ਨੇ ਸਵਾਲ ਦੇ ਜਵਾਬ 'ਚ ਕਿਹਾ, 'ਸਾਨੂੰ ਆਪਣੇ ਰਿਸ਼ਤੇ 'ਤੇ ਪੂਰਾ ਭਰੋਸਾ ਹੈ ਅਤੇ ਆਉਣ ਵਾਲੇ ਸਾਲਾਂ 'ਚ ਅਸੀਂ ਨਿਯਮ-ਅਧਾਰਿਤ ਵਿਵਸਥਾ ਦੀ ਰੱਖਿਆ, ਸ਼ਾਂਤੀ, ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਲੋਕਾਂ ਦੀ ਸੁਰੱਖਿਆ ਅਤੇ ਆਜ਼ਾਦ ਇੰਡੋ-ਪੈਸੀਫਿਕ ਨੂੰ ਉਤਸ਼ਾਹਤ ਕਰਨ ਦੇ ਇਲਾਵਾ ਦੁਨੀਆ ਭਰ ਵਿਚ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕੱਠੇ ਖੜੇ ਰਹਾਂਗੇ।" ਉਨ੍ਹਾਂ ਕਿਹਾ ਕਿ ਅਮਰੀਕਾ ਸਪੱਸ਼ਟ ਤੌਰ 'ਤੇ ਯੂਕ੍ਰੇਨ ਦੇ ਨਾਲ ਖੜ੍ਹਾ ਹੈ।