ਅਮਰੀਕਾ ਨੇ ਅੱਤਵਾਦੀ ਅਜ਼ਹਰ ''ਤੇ ਸਮਰਥਨ ਦੇ ਬਦਲੇ ਭਾਰਤ ਕੋਲੋਂ ਮੰਗੀ ਵੱਡੀ ਮਦਦ
Wednesday, Apr 24, 2019 - 02:09 PM (IST)

ਵਾਸ਼ਿੰਗਟਨ — ਪੁਲਵਾਮਾ ਹਮਲੇ ਦੇ ਬਾਅਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਉਸਦੇ ਸਰਗਨਾ ਮਸੂਦ ਅਜ਼ਹਰ 'ਤੇ ਸ਼ਿਕੰਜਾ ਕੱਸਣ ਲਈ ਭਾਰਤ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਭਾਰਤ ਨੂੰ ਦੀ ਕੋਸ਼ਿਸ਼ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਹੈ, ਪਰ ਚੀਨ ਵਾਰ-ਵਾਰ ਉਸਦੇ ਰਸਤੇ 'ਚ ਰੌੜੇ ਅਟਕਾ ਰਿਹਾ ਹੈ। ਹਾਲਾਂਕਿ ਅਮਰੀਕਾ ਇਸ ਮਾਮਲੇ ਵਿਚ ਭਾਰਤ ਦੇ ਨਾਲ ਹੈ ਪਰ ਚੀਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਇਕ ਅਖਬਾਰ ਦੀ ਰਿਪੋਰਟ ਮੁਤਾਬਕ ਅਮਰੀਕਾ ਮਸੂਦ ਅਜ਼ਹਰ ਦੇ ਮਾਮਲੇ ਵਿਚ ਭਾਰਤ ਦੀ ਸਹਾਇਤਾ ਦੇ ਬਦਲੇ ਉਸ ਕੋਲੋਂ ਵੱਡੀ ਕੁਰਬਾਨੀ ਮੰਗ ਰਿਹਾ ਹੈ। ਦਰਅਸਲ ਮਸੂਦ ਦੀ ਆੜ 'ਚ ਅਮਰੀਕਾ ਖੁਦ ਵੀ ਭਾਰਤ ਕੋਲੋਂ ਇਕ ਮਾਮਲੇ ਵਿਚ ਸਹਾਇਤਾ ਚਾਹੁੰਦਾ ਹੈ। ਅਮਰੀਕਾ ਭਾਰਤ ਵਲੋਂ ਈਰਾਨ ਤੋਂ ਕੀਤੇ ਜਾਣ ਵਾਲੇ ਆਯਾਤ 'ਤੇ ਪਾਬੰਦੀ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਬੀਤੇ ਸਾਲ ਦੁਨੀਆਭਰ ਦੇ ਦੇਸ਼ਾਂ 'ਤੇ ਨਵੰਬਰ 'ਚ ਈਰਾਨ ਤੋਂ ਤੇਲ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਨੇ ਇਸ ਲਈ ਵੱਖ-ਵੱਖ ਦੇਸ਼ਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਸੀ। ਜਿਸਦੀ ਮਿਆਦ ਆਉਣ ਵਾਲੀ 2 ਮਈ ਨੂੰ ਖਤਮ ਹੋ ਰਹੀ ਹੈ। ਭਾਰਤ ਵੀ ਈਰਾਨ ਕੋਲੋਂ ਵੱਡੀ ਮਾਤਰਾ ਵਿਚ ਤੇਲ ਦਾ ਆਯਾਤ ਕਰਦਾ ਹੈ। ਇਹ ਹੀ ਕਾਰਨ ਹੈ ਕਿ ਅਮਰੀਕਾ ਨੇ ਭਾਰਤ ਨੂੰ ਵੀ ਈਰਾਨ ਤੋਂ ਤੇਲ ਆਯਾਤ ਕਰਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਖਬਰ ਅਨੁਸਾਰ ਅਮਰੀਕਾ ਨੇ ਭਾਰਤ ਨੂੰ ਚਾਬਹਾਰ ਬੰਦਰਗਾਹ ਦੇ ਵਿਕਾਸ ਮਾਮਲੇ 'ਚ ਛੋਟ ਦੇ ਦਿੱਤੀ ਹੈ, ਪਰ ਉਹ ਈਰਾਨ ਤੋਂ ਤੇਲ ਆਯਾਤ 'ਤੇ ਪੂਰੀ ਪਾਬੰਦੀ ਚਾਹੁੰਦਾ ਹੈ।ਇਕ ਅਗ੍ਰੇਜ਼ੀ ਅਖਬਾਰ 'ਚ ਛਪੇ ਅੰਕੜਿਆਂ ਅਨੁਸਾਰ ਭਾਰਤ ਨੇ ਸਾਲ 2018-19 'ਚ ਈਰਾਨ ਤੋਂ 24ਮਿਲਿਅਨ ਟਨ ਤੇਲ ਆਯਾਤ ਕੀਤਾ। ਹੁਣ ਅਮਰੀਕਾ ਵਲੋਂ ਪਾਬੰਦੀ ਲਗਾਉਣ ਦੇ ਬਾਅਦ ਭਾਰਤ ਨੂੰ ਕਿਸੇ ਹੋਰ ਤੇਲ ਨਿਰਯਾਤਕ ਦੇਸ਼ ਕੋਲੋਂ ਇਸ ਦੀ ਭਰਪਾਈ ਕਰਨੀ ਹੋਵੇਗੀ। ਅਮਰੀਕੀ ਅਧਿਕਾਰੀਆਂ ਦੀ ਇਕ ਟੀਮ ਅੱਜਕੱਲ੍ਹ ਭਾਰਤ ਆਈ ਹੋਈ ਹੈ ਜਿਹੜੀ ਕਿ ਈਰਾਨ ਤੇਲ 'ਤੇ ਪਾਬੰਦੀ ਦੇ ਮੁੱਦੇ 'ਤੇ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ ਦਾ ਦਾਅਵਾ ਹੈ ਕਿ ਈਰਾਨ ਤੇਲ ਤੋਂ ਹੋ ਰਹੀ ਕਮਾਈ ਨਾਲ ਵਿਦਰੋਹੀ ਗੁਟਾਂ ਅਤੇ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਵੀ ਚੋਰੀ ਛੁਪੇ ਚਲਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ਅਮਰੀਕਾ ਨੇ ਈਰਾਨ ਦੇ ਤੇਲ ਆਯਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅਮਰੀਕਾ ਵਲੋਂ ਈਰਾਨ 'ਤੇ ਲਗਾਈ ਗਈ ਪਾਬੰਦੀ ਭਾਰਤ ਲਈ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ।
ਭਾਰਤ ਆਪਣੀਆਂ ਵਧਦੀਆਂ ਜ਼ਰੂਰਤਾਂ ਲਈ ਤੇਲ ਨਿਰਯਾਤ 'ਤੇ ਕਾਫੀ ਨਿਰਭਰ ਹੈ। ਇਸ ਲਈ ਅਮਰੀਕਾ ਵਲੋਂ ਈਰਾਨ ਤੋਂ ਤੇਲ ਆਯਾਤ 'ਤੇ ਪਾਬੰਦੀ ਭਾਰਤ ਲਈ ਮੁਸ਼ਕਲ ਲਿਆ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਦੀ ਈਰਾਨ ਦੇ ਨਾਲ ਚਾਬਹਾਰ ਬੰਦਰਗਾਹ 'ਤੇ ਰਣਨੀਤਕ ਸਾਂਝੇਦਾਰੀ ਵੀ ਹੈ। ਅਜਿਹੇ 'ਚ ਭਾਰਤ ਦੇ ਸਾਹਮਣੇ ਅਮਰੀਕਾ ਨੂੰ ਖੁਸ਼ ਰੱਖਣ ਦੇ ਨਾਲ ਹੀ ਈਰਾਨ ਨੂੰ ਵੀ ਆਪਣੇ ਤੋਂ ਦੂਰ ਨਾ ਦਿੱਤੇ ਜਾਣ ਦੀ ਚੁਣੌਤੀ ਹੈ।