ਇਮਰਾਨ ਖਾਨ ਨਾਲ ਬੈਠਕ ਤੋਂ ਪਹਿਲਾਂ ਪੋਂਪਿਓ ਨੇ ਦਿੱਤਾ ਇਹ ਬਿਆਨ
Wednesday, Sep 05, 2018 - 02:25 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਮਦਦ ਖਤਮ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਤਸੱਲੀਬਖਸ਼ ਤਰੱਕੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਨਰਲ ਜੋਸੇਫ ਡਨਫੋਰਡ ਨਾਲ ਪੋਂਪਿਓ ਇਸਲਾਮਾਬਾਦ ਪਹੁੰਚ ਰਹੇ ਹਨ। ਪੋਂਪਿਓ ਦੀ ਇਸ ਯਾਤਰਾ ਤੋਂ ਕੁਝ ਦਿਨ ਪਹਿਲਾਂ ਹੀ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਮਿਲਟਰੀ ਮਦਦ ਇਹ ਕਹਿੰਦੇ ਹੋਏ ਖਤਮ ਕਰ ਦਿੱਤੀ ਸੀ ਕਿ ਉਹ ਆਪਣੀ ਸੀਮਾ ਅੰਦਰ ਮੌਜੂਦ ਅੱਤਵਾਦੀਆਂ ਵਿਰੁੱਧ ਤਸੱਲੀਬਖਸ਼ ਕਾਰਵਾਈ ਨਹੀਂ ਕਰ ਰਿਹਾ। ਇਮਰਾਨ ਖਾਨ ਦੇ ਅਹੁਦਾ ਸੰਭਾਲਣ ਮਗਰੋਂ ਪਾਕਿਸਤਾਨੀ ਸਰਕਾਰ ਨਾਲ ਟਰੰਪ ਪ੍ਰਸ਼ਾਸਨ ਦੀ ਇਹ ਪਹਿਲੀ ਉੱਚ ਪੱਧਰੀ ਵਾਰਤਾ ਹੈ।
ਪਾਕਿਸਤਾਨ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਪੋਂਪਿਓ ਨੇ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਕਿਹਾ,''ਪਾਕਿਸਤਾਨ ਨੂੰ ਰਾਸ਼ੀ ਨਹੀਂ ਦਿੱਤੀ ਜਾ ਰਹੀ। ਇਸ ਦਾ ਕਾਰਨ ਸਪੱਸ਼ਟ ਹੈ। ਅਸੀਂ ਉਸ ਵੱਲੋਂ ਅੱਤਵਾਦ ਵਿਰੁੱਧ ਲੜਾਈ ਵਿਚ ਉਹ ਤਰੱਕੀ ਨਹੀਂ ਦੇਖੀ, ਜਿਸ ਦੀ ਸਾਨੂੰ ਆਸ ਸੀ।'' ਪੇਂਟਾਗਨ ਨੇ ਐਲਾਨ ਕੀਤਾ ਸੀ ਕਿ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਨਾ ਚੁੱਕੇ ਜਾਣ ਕਾਰਨ ਉਹ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਮਿਲਟਰੀ ਮਦਦ ਨੂੰ ਰੋਕੇਗਾ। ਪੋਂਪਿਓ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਲਈ ਕੋਈ ਨਵੀਂ ਖਬਰ ਨਹੀਂ ਹੈ ਕਿਉਂਕਿ ਪਿਛਲੀ ਗਰਮੀਆਂ ਵਿਚ ਹੀ ਉਸ ਨੂੰ ਦੱਸ ਦਿੱਤਾ ਗਿਆ ਸੀ ਕਿ ਉਸ ਨੂੰ ਇਹ ਰਾਸ਼ੀ ਨਹੀਂ ਮਿਲੇਗੀ। ਇਮਰਾਨ ਨਾਲ ਬੈਠਕ ਤੋਂ ਪਹਿਲਾਂ ਪੋਂਪਿਓ ਨੇ ਆਸ ਜ਼ਾਹਰ ਕੀਤੀ ਕਿ ਉਹ ਸੰਬੰਧਾਂ ਦਾ ਨਵਾਂਂ ਅਧਿਆਏ ਸ਼ੁਰੂ ਕਰ ਕੇ ਇਸ ਵਿਚ ਤਰੱਕੀ ਕਰ ਸਕਦੇ ਹਨ।