ਖਸ਼ੋਗੀ ਦੀ ਹੱਤਿਆ ਕਾਰਨ ਅਮਰੀਕਾ-ਸਾਊਦੀ ਸੰਬੰਧਾਂ ''ਚ ਦਰਾਰ ਪੈਣੀ ਹੋਈ ਸ਼ੁਰੂ
Wednesday, Oct 24, 2018 - 02:45 AM (IST)

ਵਾਸ਼ਿੰਗਟਨ — ਅਮਰੀਕਾ 'ਤੇ 11 ਸਤੰਬਰ, 2001 ਨੂੰ 19 ਜਹਾਜ਼ ਹਾਈਜੈਕਰਾਂ ਨੇ ਹਮਲਾ ਕੀਤਾ ਸੀ ਜਿਨ੍ਹਾਂ 'ਚੋਂ 15 ਸਾਊਦੀ ਅਰਬ ਦੇ ਸਨ। ਇਸ ਤੋਂ ਬਾਅਦ ਸਾਊਦੀ ਅਰਬ ਨੇ ਅਮਰੀਕਾ ਨਾਲ ਆਪਣੇ ਮਜ਼ਬੂਤ ਸੰਬੰਧਾਂ ਨੂੰ ਬਚਾਉਣ ਲਈ ਲਾਬਿੰਗ ਸ਼ੁਰੂ ਕੀਤੀ। ਅਮਰੀਕਾ ਨੂੰ ਪ੍ਰਭਾਵਿਤ ਕਰਨ ਲਈ 10 ਕਰੋੜ ਅਮਰੀਕੀ ਡਾਲਰ ਖਰਚ ਕਰਨ ਤੋਂ ਬਾਅਦ ਵੀ ਤੇਲ ਸਪਲਾਈ ਕਰਨ 'ਚ ਸਮਰਥ ਇਸ ਦੇਸ਼ ਲਈ ਅਮਰੀਕਾ ਨਾਲ ਸੰਬੰਧਾਂ 'ਤੇ ਹੁਣ ਸੰਕਟ ਖੜ੍ਹਾ ਹੋ ਗਿਆ ਹੈ। ਅਜਿਹੇ ਅਮਰੀਕੀ ਸੰਸਦੀ ਮੈਂਬਰਾਂ ਅਤੇ ਸੰਸਥਾਨਾਂ ਜੋ ਸਾਊਦੀ ਸ਼ਹਿਜ਼ਾਦੇ ਨਾਲ ਦੋਸਤੀ ਕਰਨ ਲਈ ਉਤਸ਼ਾਹਿਤ ਰਹਿੰਦੇ ਸਨ ਅਤੇ ਰਿਆਦ ਤੋਂ ਖੁਸ਼ੀ-ਖੁਸ਼ੀ ਧਨ ਸਵੀਕਾਰ ਕਰਦੇ ਸਨ, ਉਹ ਹੁਣ ਰਿਆਦ ਤੋਂ ਦੂਰੀ ਬਣਾ ਰਹੇ ਹਨ।
ਸਵਰਗੀ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਇਸਤਾਨਬੁਲ 'ਚ ਸਾਊਦੀ ਵਣਜ ਦੂਤਘਰ 'ਚ ਹੱਤਿਆ ਹੋਣ ਤੋਂ ਬਾਅਦ ਸਾਊਦੀ ਅਰਬ ਖਿਲਾਫ ਅੰਤਰਰਾਸ਼ਟਰੀ ਪੱਧਰ 'ਤੇ ਗੁੱਸਾ ਦੇਖਿਆ ਜਾ ਰਿਹਾ ਹੈ, ਜੋ ਪਿਛਲੇ ਸਾਲਾਂ 'ਚ ਸ਼ਾਇਦ ਹੀ ਦੇਖਿਆ ਗਿਆ ਹੋਵੇ। ਹੁਣ ਅਮਰੀਕਾ ਦੇ ਸੰਸਦੀ ਮੈਂਬਰਾਂ ਨੇ ਕਦੇ ਨਾ ਸੋਚਿਆ ਜਾਣ ਵਾਲਾ ਕਦਮ ਵੀ ਸਾਊਦੀ ਅਰਬ ਖਿਲਾਫ ਪ੍ਰਸਤਾਵਿਤ ਕੀਤੇ ਹਨ ਜਿਵੇਂ ਕਿ ਸਾਊਦੀ ਅਰਬ ਨਾਲ ਹਥਿਆਰਾਂ ਦੀ ਵਿਕਰੀ ਨੂੰ ਮੁਅੱਤਲ ਅਤੇ ਉਸ ਦੇ ਰਾਜਦੂਤ ਨੂੰ ਦੇਸ਼ 'ਚੋਂ ਬਾਹਰ ਕੱਢਣਾ ਹੈ।
ਸਾਊਦੀ ਅਰਬ ਅਮਰੀਕੀ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਹਾਲਾਂਕਿ ਇਨ੍ਹਾਂ ਸਭ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਨਾਲ ਸੰਬੰਧਾਂ ਨੂੰ ਅੱਗੇ ਵਧਾਉਣ ਦੀ ਹੀ ਗੱਲ ਕਹੀ ਹੈ। ਫਾਰੇਨ ਇੰਫਲੁਐਂਸ ਟ੍ਰਾਂਸਪੈਰੇਂਸੀ ਇਨੀਸ਼ੇਇਟਿਵ ਐਟ ਦਿ ਸੈਂਟਰ ਆਫ ਇੰਟਰਨੈਸ਼ਨਲ ਪਾਲਸੀ ਦੇ ਡਾਇਰੈਕਟਰ ਬੇਨ ਫ੍ਰੀਮੈਨ ਨੇ ਆਖਿਆ ਕਿ ਜ਼ਿਆਦਾਤਰ ਅਮਰੀਕੀ ਸਾਊਦੀ ਅਰਬ ਦੇ ਬਾਰੇ 'ਚ ਕੁਝ ਨਹੀਂ ਜਾਣਦੇ ਹਨ। ਇਹ ਦੇਸ਼ ਜ਼ਿਆਦਾ ਘੁੰਮਣ-ਫਿਰਨ ਦੀਆਂ ਥਾਂਵਾਂ ਲਈ ਨਹੀਂ ਜਾਣਿਆ ਜਾਂਦਾ ਹੈ ਇਸ ਕਾਰਨ ਪੀ. ਆਰ. ਫਰਮਾਂ ਨੂੰ ਆਪਣੀ ਗੱਲ ਰੱਖਣ 'ਚ ਆਸਾਨੀ ਹੋ ਜਾਂਦੀ ਹੈ। ਖਸ਼ੋਗੀ ਦੇ ਲਾਪਤਾ ਹੋਣ ਤੋਂ ਬਾਅਦ ਘੱਟੋ-ਘੱਟ 4 ਲਾਬਿੰਗ ਕੰਪਨੀਆਂ ਨੇ ਆਖਿਆ ਹੈ ਕਿ ਉਹ ਹੁਣ ਸਾਊਦੀ ਅਰਬ ਦੀ ਨੁਮਾਇੰਦਗੀ ਨਹੀਂ ਕਰਨਗੀਆਂ।