ਅਮਰੀਕਾ ਨੇ ਇਮਰਾਨ ਵਿਰੁੱਧ ਬੇਭਰੋਸਗੀ ਮਤੇ ''ਚ ਆਪਣੀ ਭੂਮਿਕਾ ਦੇ ਦੋਸ਼ਾਂ ਨੂੰ ਕੀਤਾ ਖਾਰਜ
Thursday, Mar 31, 2022 - 12:44 PM (IST)
ਇਸਲਾਮਾਬਾਦ (ਵਾਰਤਾ)- ਅਮਰੀਕੀ ਸਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਆਏ ਬੇਭਰੋਸਗੀ ਮਤੇ ਪਿੱਛੇ ਆਪਣੀ ਭੂਮਿਕਾ ਹੋਣ ਨਾਲ ਸਬੰਧਤ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਜੀਓ ਨਿਊਜ਼ ਨੇ ਵਿਦੇਸ਼ ਵਿਭਾਗ ਦੇ ਹਵਾਲੇ ਨਾਲ ਕਿਹਾ, ''ਬੇਭਰੋਸਗੀ ਮਤੇ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲੇ ਧਮਕੀ ਭਰੇ ਪੱਤਰ ਨੂੰ ਲੈ ਕੇ ਅਮਰੀਕਾ 'ਤੇ ਲੱਗੇ ਦੋਸ਼ ਬੇਬੁਨਿਆਦ ਹਨ।''
ਇਹ ਵੀ ਪੜ੍ਹੋ: 14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਐਲਾਨਣ ਲਈ ਅਮਰੀਕੀ ਕਾਂਗਰਸ 'ਚ ਮਤਾ ਪੇਸ਼
ਇਸ ਵਿਚ ਅੱਗੇ ਕਿਹਾ ਗਿਆ ਹੈ, ਅਮਰੀਕੀ ਸਰਕਾਰ ਪਾਕਿਸਤਾਨ ਵਿਚ ਰਾਜਨੀਤਿਕ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਥੇ ਦੀ ਸੰਵਿਧਾਨਕ ਪ੍ਰਕਿਰਿਆ ਦਾ ਸਨਮਾਨ ਕਰਦੀ ਹੈ। ਜ਼ਿਕਰਯੋਗ ਹੈ ਕਿ ਖਾਨ ਨੇ ਬੁੱਧਵਾਰ ਨੂੰ ਇਕ ਪੱਤਰ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਕੋਲ ਆਪਣੀ ਸਰਕਾਰ ਵਿਰੁੱਧ ਵਿਦੇਸ਼ੀ ਤਾਕਤਾਂ ਵੱਲੋਂ ਸਾਜ਼ਿਸ਼ ਰਚਣ ਦੇ ਸਬੂਤ ਹਨ। ਉਨ੍ਹਾਂ ਨੇ ਇਸ ਪੱਤਰ ਦਾ ਸਭ ਤੋਂ ਪਹਿਲਾਂ 27 ਮਾਰਚ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਰੈਲੀ ਦੌਰਾਨ ਜ਼ਿਕਰ ਕੀਤਾ ਸੀ ਅਤੇ ਇਸ ਦੌਰਾਨ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਹੈ, ਜਿਸ ਵਿਚ ਵਿਦੇਸ਼ੀ ਤਾਕਤਾਂ ਦਾ ਪੈਸਾ ਵੀ ਸ਼ਾਮਲ ਹੈ। ਖਾਨ ਨੇ ਜਿਨ੍ਹਾਂ ਤਿੰਨ ਪੱਤਰਕਾਰਾਂ ਨਾਲ ਇਸ ਧਮਕੀ ਭਰੇ ਪੱਤਰ ਨੂੰ ਸਾਂਝਾ ਕੀਤਾ ਸੀ, ਉਨ੍ਹਾਂ ਵਿਚੋਂ ਇਕ ਨੇ ਕਿਹਾ, 'ਇਸ ਵਿਚ ਸਿਰਫ਼ ਲਿਖੀਆ ਗੱਲਾਂ ਦਾ ਜ਼ਿਕਰ ਕੀਤਾ ਗਿਆ, ਇਸ ਦੀ ਕੋਈ ਕਾਪੀ ਨਹੀਂ ਦਿੱਤੀ ਗਈ।"
ਇਹ ਵੀ ਪੜ੍ਹੋ: ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਸਲਾਹ- ਭਾਰਤ ਦੀ ਯਾਤਰਾ ਕਰਦੇ ਸਮੇਂ ਰਹੋ ‘ਜ਼ਿਆਦਾ ਚੌਕਸ’
ਇਸ ਨੂੰ ਉਹ ਕੈਬਨਿਟ ਮੀਟਿੰਗ ਵਿੱਚ ਵੀ ਦਿਖਾ ਚੁੱਕੇ ਹਨ। ਫ਼ੌਜ ਦੀ ਹਾਜ਼ਰੀ ਵਿਚ ਇਸ ਨੂੰ ਸਾਂਝਾ ਕੀਤਾ ਗਿਆ। ਅੱਜ ਇਸ ਵਿਚ ਲਿਖੀ ਸਮੱਗਰੀ ਵੱਖ-ਵੱਖ ਭਾਸ਼ਾਵਾਂ ਵਿਚ ਇਕ ਅਧਿਕਾਰੀ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਅੱਗੇ ਕਿਹਾ, “ਉਨ੍ਹਾਂ ਨੇ ਸਾਨੂੰ ਜੋ ਦੱਸਿਆ ਉਹ ਇਹ ਸੀ ਕਿ ਇਹ ਪੱਤਰ ਪਾਕਿਸਤਾਨੀ ਅਧਿਕਾਰੀਆਂ ਨਾਲ ਕਿਸੇ ਹੋਰ ਦੇਸ਼ ਦੇ ਅਧਿਕਾਰੀਆਂ ਦੀ ਗੱਲਬਾਤ ਹੈ। ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਅਮਰੀਕਾ ਹੈ, ਹਾਲਾਂਕਿ ਸਰਕਾਰ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਚਰਚਾ ਵਿਚ ਕਿੰਨੇ ਅਧਿਕਾਰੀ ਸ਼ਾਮਲ ਸਨ ਜਾਂ ਇਹ ਕਿੱਥੇ ਹੋਈ ਇਸ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਰੂਸ-ਯੂਕ੍ਰੇਨ ਮੁੱਦੇ 'ਤੇ ਪਾਕਿਸਤਾਨ ਦੇ ਸਟੈਂਡ ਤੋਂ ਖੁਸ਼ ਨਹੀਂ ਹਨ। ਜ਼ਿਕਰਯੋਗ ਹੈ ਕਿ 3 ਅਪ੍ਰੈਲ ਨੂੰ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ, ਸਹਿਯੋਗੀ ਪਾਰਟੀ MQM ਨੇ ਵਿਰੋਧੀ ਧਿਰ ਨਾਲ ਕੀਤਾ ਸਮਝੌਤਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।