ਸੰਸਦ ''ਚ ਝੂਠ ਬੋਲਣ ''ਤੇ ਟਰੰਪ ਦੇ ਕਰੀਬੀ ਨੂੰ 9 ਸਾਲ ਦੀ ਜੇਲ ਦੀ ਉੱਠੀ ਮੰਗ
Tuesday, Feb 11, 2020 - 06:20 PM (IST)

ਵਾਸ਼ਿੰਗਟਨ- ਅਮਰੀਕੀ ਪ੍ਰੋਸੀਕਿਊਟਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਬੇ ਸਮੇਂ ਤੋਂ ਕਰੀਬੀ ਰਹੇ ਸਹਿਯੋਗੀ ਰੋਜਰ ਸਟੋਨ ਨੂੰ ਸੰਸਦ ਵਿਚ ਝੂਠ ਬੋਲਣ ਦੇ ਮਾਮਲੇ ਵਿਚ 9 ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਮਰੀਕਾ ਵਿਚ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲ ਮਾਮਲੇ ਵਿਚ ਸਟੋਨ ਨੂੰ ਬੀਤੇ ਨਵੰਬਰ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਜ਼ਾ ਦਾ ਐਲਾਨ 20 ਫਰਵਰੀ ਨੂੰ ਕੀਤਾ ਜਾਵੇਗਾ।
ਰੂਸੀ ਦਖਲ ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਟੋਨ ਨੂੰ ਪਿਛਲੇ ਸਾਲ ਜਨਵਰੀ ਵਿਚ ਫਲੋਰਿਡਾ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰੋਸੀਕਿਊਟਰਾਂ ਨੇ ਆਪਣੀ ਦਲੀਲ ਵਿਚ ਕਿਹਾ ਕਿ ਸਟੋਨ ਨੇ ਚੰਗੇ ਵਤੀਰੇ ਦਾ ਪ੍ਰਦਰਸ਼ਨ ਨਹੀਂ ਕੀਤਾ। ਸਟੋਨ ਨੇ ਖੁਦ 'ਤੇ ਲਾਏ ਦੋਸ਼ਾਂ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਸੀ। ਜਦਕਿ ਪ੍ਰੋਸੀਕਿਊਟਰਾਂ ਦਾ ਕਹਿਣਾ ਸੀ ਕਿ ਸਟੋਨ ਨੇ ਝੂਠ ਬੋਲਿਆ ਤੇ ਟਰੰਪ ਨੂੰ ਬਚਾਉਣ ਲਈ ਗਵਾਹਾਂ ਨੂੰ ਧਮਕਾਇਆ। ਸਟੋਨ ਨੂੰ ਬੀਤੇ ਨਵੰਬਰ ਮਹੀਨੇ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਟਰੰਪ ਨੇ ਟਵੀਟ ਵਿਚ ਕਿਹਾ ਸੀ ਕਿ ਮੈਂ ਆਪਣੇ ਦੇਸ਼ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਦੋਹਰਾ ਮਾਪਦੰਡ ਕਦੇ ਨਹੀਂ ਦੇਖਿਆ।
ਟਰੰਪ ਦੇ ਕੈਸੀਨੋ ਵਪਾਰ ਦੇ ਲਈ ਕਰਦੇ ਸਨ ਲਾਬਿੰਗ
67 ਸਾਲਾ ਸਟੋਨ ਨੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਸਿਆਸੀ ਸਹਿਯੋਗੀ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਟੋਨ ਨੇ ਕਈ ਸਾਲ ਤੱਕ ਟਰੰਪ ਦੇ ਕੈਸੀਨੋ ਵਪਾਰ ਦੇ ਲਈ ਲਾਬਿੰਗ ਕੀਤੀ ਸੀ। ਦੋਸ਼ ਤਾਂ ਇਥੋਂ ਤੱਕ ਲੱਗੇ ਸੀ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਉਹਨਾਂ ਦੇ ਰੂਸੀ ਹੈਕਰਾਂ ਨਾਲ ਸਬੰਧ ਸਨ।