USA : ਡਾਕਟਰੀ ਸਾਮਾਨਾਂ ਦੀ ਜਮ੍ਹਾਖੋਰੀ ਦੇ ਦੋਸ਼ਾਂ 'ਚ ਪੰਜਾਬੀ ਦੁਕਾਨਦਾਰ 'ਤੇ ਕਾਰਵਾਈ

04/25/2020 1:10:47 PM

ਨਿਊਯਾਰਕ— ਨਿਊਯਾਰਕ 'ਚ ਇਕ ਪੰਜਾਬੀ ਦੁਕਾਨਦਾਰ 'ਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮਾਸਕ, ਪੀ. ਪੀ. ਈ. ਤੇ ਹੈਂਡ ਸੈਨੇਟਾਈਜ਼ਰਾਂ ਦੀ ਜਮ੍ਹਾਖੋਰੀ ਕਰਨ ਤੇ ਉਨ੍ਹਾਂ ਨੂੰ ਮਹਿੰਗੀ ਕੀਮਤ 'ਤੇ ਵੇਚਣ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ। ਮਹਾਂਮਾਰੀ ਦੌਰਾਨ ਯੂ. ਐੱਸ. 'ਚ ਡਿਫੈਂਸ ਪ੍ਰੋਟੈਕਸ਼ਨ ਐਕਟ (ਡੀ. ਪੀ. ਏ.) ਤਹਿਤ ਚਾਰਜਸ਼ੀਟ ਹੋਣ ਵਾਲਾ ਇਹ ਪਹਿਲਾ ਭਾਰਤੀ ਮੂਲ ਦਾ ਵਿਅਕਤੀ ਹੈ। 45 ਸਾਲਾ ਅਮਰਦੀਪ ਸਿੰਘ ਉਰਫ ਬੌਬੀ 'ਤੇ ਡੀ. ਪੀ. ਏ.-1950 ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਯੂ. ਐੱਸ. 'ਚ ਕੋਰੋਨਾ ਵਾਇਰਸ ਸੰਕਟ ਦੀ ਸ਼ੁਰੂਆਤ ਤੋਂ ਬਾਅਦ ਇਸ ਕਾਨੂੰਨ ਤਹਿਤ ਇਹ ਪਹਿਲਾ ਅਪਰਾਧਿਕ ਮਾਮਲਾ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ 18 ਮਾਰਚ ਨੂੰ ਡੀ. ਪੀ. ਏ. ਨੂੰ ਲਾਗੂ ਕੀਤਾ ਸੀ ਤਾਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਮ੍ਹਾਖੋਰੀ ਕਾਰਨ ਮੈਡੀਕਲ ਸਪਲਾਈ ਨਾ ਰੁਕੇ ਅਤੇ ਨਾ ਹੀ ਇਨ੍ਹਾਂ ਨੂੰ ਮਨਮਰਜ਼ੀ ਨਾਲ ਮਹਿੰਗੀਆਂ ਕੀਮਤਾਂ 'ਤੇ ਵੇਚਿਆ ਜਾ ਸਕੇ।
ਸਿੰਘ ਖਿਲਾਫ ਲਾਂਗ ਆਈਲੈਂਡ 'ਚ ਮਾਮਲਾ ਦਾਇਰ ਕੀਤਾ ਗਿਆ ਹੈ। ਸਰਕਾਰੀ ਵਕੀਲ ਮੁਤਾਬਕ ਬੌਬੀ ਕੋਲੋਂ 5.6 ਟਨ ਪੀ. ਪੀ. ਈ. (ਪਰਸਨਲ ਪ੍ਰਾਈਵੇਟ ਇਕਿਊਪਮੈਂਟ) ਜ਼ਬਤ ਹੋਏ ਹਨ। ਅਮਰਦੀਪ ਸਿੰਘ ਬੌਬੀ ਨੇ ਨਿਊਯਾਰਕ 'ਚ ਮਹਾਂਮਾਰੀ ਸ਼ੁਰੂ ਹੋਣ 'ਤੇ ਹੀ ਸਰਜੀਕਲ ਮਾਸਕ, ਫੇਸ ਸ਼ੀਲਡ, ਪੀ. ਪੀ. ਈ., ਸੈਨੇਟਾਈਜ਼ਰਾਂ ਦੀ ਵੱਡੇ ਪੱਧਰ 'ਤੇ ਜਮ੍ਹਾਖੋਰੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਉਹ ਕੱਪੜੇ ਤੇ ਜੁੱਤੀਆਂ ਦੇ ਸਟੋਰ ਚਲਾ ਰਿਹਾ ਸੀ। ਭਾਰਤੀ ਮੂਲ ਦੇ ਇਸ ਸ਼ਖਸ ਦੇ ਸਟੋਰ ਤੇ ਗੋਦਾਮ ਤੋਂ 1,00,000 ਮਾਸਕ, 10,000 ਸਰਜੀਕਲ ਗਾਊਨਸ, ਤਕਰੀਬਨ 2,500 ਫੁਲ ਬਾਡੀ ਆਈਸੋਲੇਸ਼ਨ ਸੂਟ ਅਤੇ 5,00,000 ਤੋਂ ਵੱਧ ਜੋੜੀ ਡਿਸਪੋਜ਼ਲ ਦਸਤਾਨੇ ਜ਼ਬਤ ਕੀਤੇ ਗਏ ਹਨ। ਵਕੀਲ ਨੇ ਕਿਹਾ ਕਿ ਸਟੋਰ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਮਾਸਕ 7 ਸੈਂਟ ਦੇ ਹਿਸਾਬ ਨਾਲ ਖਰੀਦੇ ਅਤੇ ਫਿਰ ਉਨ੍ਹਾਂ ਨੂੰ 1 ਡਾਲਰ 'ਚ ਵੇਚ ਦਿੱਤਾ। ਨਿਊਯਾਰਕ ਦੇ ਅਟਾਰਨੀ ਜਨਰਲ ਦੇ ਦਫਤਰ ਤੋਂ ਨੋਟਿਸ ਮਿਲਣ ਦੇ ਬਾਵਜੂਦ ਵੀ ਬੌਬੀ ਨੇ ਸੋਸ਼ਲ ਮੀਡੀਆ 'ਤੇ ਮਾਰਕੀਟਿੰਗ ਜਾਰੀ ਰੱਖੀ। ਅਮਰਦੀਪ ਸਿੰਘ ਬੌਬੀ ਵੱਲੋਂ ਅਗਲੇ ਹਫਤੇ ਪੇਸ਼ ਹੋਣ ਦੀ ਉਮੀਦ ਹੈ।

ਉੱਥੇ ਹੀ, ਬੌਬੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਸਗੋਂ ਫਾਇਰ ਸਟੇਸ਼ਨਾਂ ਤੇ ਹੋਰ ਕਈ ਸਮੂਹਾਂ ਨੂੰ ਉਨ੍ਹਾਂ ਪੀ. ਪੀ. ਈ. ਦਾਨ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕਲਾਇੰਟ ਨੇ ਕੋਈ ਵੀ ਜਮ੍ਹਾਖੋਰੀ ਨਹੀਂ ਕੀਤੀ ਹੈ।


Sanjeev

Content Editor

Related News