ਐਪਸਟੀਨ ਆਤਮ ਹੱਤਿਆ : ''ਫੈਡਰਲ ਬਿਊਰੋ ਆਫ ਪ੍ਰਿਜਿਨਸ'' ਦਾ ਮੁਖੀ ਬਦਲਿਆ
Tuesday, Aug 20, 2019 - 10:28 AM (IST)

ਵਾਸ਼ਿੰਗਟਨ— ਅਮਰੀਕਾ ਦੇ ਅਟਾਰਨੀ ਜਨਰਲ ਬਿੱਲ ਬਾਰ ਨੇ ਜਿਣਸੀ ਸ਼ੋਸ਼ਣ ਦੇ ਦੋਸ਼ੀ ਅਤੇ ਅਮਰੀਕੀ ਫਾਈਨਾਂਸਰ ਜੇਫਰੀ ਐਪਸਟੀਨ ਦੇ ਜੇਲ 'ਚ ਆਤਮ ਹੱਤਿਆ ਕਰਨ ਦੇ ਬਾਅਦ ਕੈਥਲੀਨ ਹਾਕ ਸਾਇਰ ਨੂੰ 'ਫੈਡਰਲ ਬਿਊਰੋ ਆਫ ਪ੍ਰਿਜਿਨਸ' ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਸ ਦੇ ਆਤਮ ਹੱਤਿਆ ਕਰਨ ਦੇ ਬਾਅਦ ਜੇਲਾਂ ਦੀ ਸੁਰੱਖਿਆ ਅਤੇ ਨਿਗਰਾਨੀ 'ਤੇ ਸਵਾਲ ਖੜ੍ਹੇ ਹੋ ਗਏ ਸਨ। ਬਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਕਾਰਜਵਾਹਕ ਨਿਰਦੇਸ਼ਕ ਹਿਊਗ ਹਾਵੀਟਜ ਦੇ ਸਥਾਨ 'ਤੇ ਕੈਥਲੀਨ ਹਾਕ ਸਾਇਰ ਨੂੰ ਫੈਡਰਲ ਬਿਊਰੋ ਆਫ ਪ੍ਰਿਜਨਸ ਦੀ ਨਿਰਦੇਸ਼ਕ ਨਿਯੁਕਤ ਕਰਦੇ ਹਨ।
ਹਾਵੀਟਜ ਪਿਛਲੇ 15 ਮਹੀਨਿਆਂ ਤੋਂ ਇਸ ਅਹੁਦੇ 'ਤੇ ਹਨ। ਹਾਕ ਸਾਇਰ ਉੱਚ ਜੇਲ ਮਨੋਵਿਗਿਆਨੀ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਬਿਊਰੋ ਦੇ ਨਿਰਦੇਸ਼ਕ ਅਹੁਦੇ ਦੀਆਂ ਸੇਵਾਵਾਂ ਦੇ ਚੁੱਕੇ ਹਨ। ਬਾਰ ਨੇ 1992 'ਚ ਉਨ੍ਹਾਂ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਸੀ ਅਤੇ ਉਹ 2003 ਤਕ ਇਸ ਅਹੁਦੇ 'ਤੇ ਸੀ। ਸਾਇਰ ਦੀ ਨਿਯੁਕਤੀ 'ਨਿਊਯਾਰਕ ਮੈਟ੍ਰੋਪਾਲਿਟਨ ਕਰਕਸ਼ਨਲ ਸੈਂਟਰ' 'ਚ ਐਪਸਟੀਨ ਦੀ ਆਤਮ ਹੱਤਿਆ ਦੇ ਨੌਵੇਂ ਦਿਨ ਹੋਈ ਹੈ। ਜੇਲ 'ਚ ਬੰਦ ਹਾਈ-ਪ੍ਰੋਫਾਇਲ ਕੈਦੀ ਦੀ ਆਤਮਹੱਤਿਆ ਨੇ ਦੇਸ਼ 'ਚ ਜੇਲਾਂ ਦੀ ਸੁਰੱਖਿਆ ਅਤੇ ਨਿਗਰਾਨੀ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਅਮਰੀਕਾ 'ਚ ਇਸ ਗੱਲ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਲ 'ਚ ਬੰਦ ਹਾਈ ਪ੍ਰੋਫਾਇਲ ਵਿਅਕਤੀ ਨੇ ਆਤਮ ਹੱਤਿਆ ਕਿਵੇਂ ਕਰ ਲਈ। ਐਪਸਟੀਨ ਕਈ ਕੁੜੀਆਂ ਦਾ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਕਰਨ ਦਾ ਦੋਸ਼ੀ ਸੀ। ਐਪਸਟੀਨ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ। ਹਾਲਾਂਕਿ ਉਸ ਦੀ ਜਮਾਨਤ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ। ਜੇਲ 'ਚ ਉਸ ਦੀ ਲਾਸ਼ ਮਿਲੀ ਸੀ।