ਸਾਊਦੀ ਅਰਬ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋ-ਟੁਕ
Saturday, Jul 25, 2026 - 03:39 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦੋ-ਟੁਕ ਕਿਹਾ ਕਿ ਅਮਰੀਕਾ ਅਤੇ ਸਾਊਦੀ ਅਰਬ ਵਿਚਾਲੇ ਹੋਇਆ ਸਿਵਲ ਪ੍ਰਮਾਣੂ ਸਮਝੌਤਾ ਉਦੋਂ ਹੀ ਲਾਗੂ ਹੋਵੇਗਾ, ਜਦੋਂ ਸਾਊਦੀ ਅਰਬ ‘ਅਬ੍ਰਾਹਮ ਸਮਝੌਤੇ’ ਵਿਚ ਸ਼ਾਮਲ ਹੋਵੇਗਾ ਅਤੇ ਉਸ ਦੇ ਦੋਸਤ ਇਜ਼ਰਾਈਲ ਨੂੰ ਮਾਨਤਾ ਦੇਵੇਗਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁਥ ਸੋਸ਼ਲ’ ’ਤੇ ਲਿਖਿਆ ਕਿ ਇਹ ਸਮਝੌਤਾ ਪੂਰੀ ਤਰ੍ਹਾਂ ਨਾਲ ਗ਼ੈਰ-ਫ਼ੌਜੀ ਵਰਤੋਂ ਲਈ ਹੈ ਅਤੇ ਇਸ ਵਿਚ ਪ੍ਰਮਾਣੂ ਸਮੱਗਰੀ ਦੀ ਸੋਧ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਸਾਫ਼ ਕੀਤਾ ਕਿ ਇਸ ਡੀਲ ਦੀ ਅੰਤਿਮ ਮਨਜ਼ੂਰੀ ਸਾਊਦੀ ਅਰਬ ਵਲੋਂ ਅਬ੍ਰਾਹਮ ਸਮਝੌਤੇ ਵਿਚ ਸ਼ਾਮਲ ਹੋਣ ’ਤੇ ਹੀ ਟਿਕੀ ਹੈ।
ਅਮਰੀਕੀ ਊਰਜਾ ਵਿਭਾਗ ਅਨੁਸਾਰ, ਇਸ ‘ਸ਼ਾਂਤੀਪੂਰਨ ਪ੍ਰਮਾਣੂ ਸਹਿਯੋਗ ਸਮਝੌਤੇ’ ਨਾਲ ਅਮਰੀਕੀ ਕੰਪਨੀਆਂ ਨੂੰ ਸਾਊਦੀ ਅਰਬ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਵਿਚ ਕੰਮ ਕਰਨ ਦਾ ਵੱਡਾ ਮੌਕਾ ਮਿਲੇਗਾ। ਮਾਹਿਰਾਂ ਨੇ ਇਸ ਸਮਝੌਤੇ ਨਾਲ ਪੱਛਮੀ ਏਸ਼ੀਆ ’ਚ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ਦਾ ਖ਼ਤਰਾ ਪ੍ਰਗਟਾਇਆ ਸੀ ਪਰ ਟਰੰਪ ਦੇ ਬਿਆਨ ਨੇ ਯੂਰੇਨੀਅਮ ਸੋਧ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਸਾਊਦੀ ਅਰਬ ਨੇ ਅਜੇ ਤੱਕ ਇਜ਼ਰਾਈਲ ਨੂੰ ਇਕ ਦੇਸ਼ ਵਜੋਂ ਮਾਨਤਾ ਨਹੀਂ ਦਿੱਤੀ ਅਤੇ ਦੋਵਾਂ ਵਿਚਾਲੇ ਕੋਈ ਰਸਮੀ ਡਿਪਲੋਮੈਟਿਕ ਸਬੰਧ ਨਹੀਂ ਹਨ।
ਬਿਨਾਂ ਦੱਸੇ ਡੀਲ ਦੇ ਐਲਾਨ ਤੋਂ ਟਰੰਪ ਨਾਰਾਜ਼
ਵਾਸ਼ਿੰਗਟਨ ਵਿਚ ਹੋਏ ਦਸਤਖ਼ਤ ਸਮਾਰੋਹ ਵਿਚ ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਸ਼ਾਮਲ ਹੋਏ ਸਨ। ਰਿਪੋਰਟ ਮੁਤਾਬਕ ਟਰੰਪ ਇਸ ਗੱਲ ਤੋਂ ਨਾਰਾਜ਼ ਸਨ ਕਿ ਰਾਈਟ ਨੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਸਮਝੌਤੇ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਫ਼ੌਕਸ ਨਿਊਜ਼ ਅਤੇ ਵਾਲ ਸਟ੍ਰੀਟ ਜਰਨਲ ਵਿਚ ਹੋਈ ਆਲੋਚਨਾ ਨਾਲ ਉਨ੍ਹਾਂ ਦੀ ਨਾਰਾਜ਼ਗੀ ਹੋਰ ਵਧ ਗਈ।
ਰਿਪੋਰਟ ਅਨੁਸਾਰ ਵ੍ਹਾਈਟ ਹਾਊਸ ਨੇ ਊਰਜਾ ਵਿਭਾਗ ਨੂੰ ਸਮਝੌਤੇ ਦਾ ਐਲਾਨ ਟਾਲਣ ਲਈ ਕਿਹਾ ਸੀ ਪਰ ਵਿਭਾਗ ਨੇ ਦਸਤਖ਼ਤ ਸਮਾਰੋਹ ਵੀ ਕੀਤਾ ਅਤੇ ਮੀਡੀਆ ਵਿਚ ਇਸ ਦੀ ਜਾਣਕਾਰੀ ਵੀ ਦਿੱਤੀ। ਹਾਲਾਂਕਿ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਬ੍ਰਾਹਮ ਅਕਾਰਡਸ ਦੀ ਸ਼ਰਤ ਸ਼ੁਰੂ ਤੋਂ ਹੀ ਟਰੰਪ ਦੀ ਨੀਤੀ ਦਾ ਹਿੱਸਾ ਸੀ। ਦੂਜੇ ਪਾਸੇ ਊਰਜਾ ਵਿਭਾਗ ਨੇ ਕਿਸੇ ਵੀ ਮਤਭੇਦ ਤੋਂ ਇਨਕਾਰ ਕੀਤਾ ਹੈ।
ਈਰਾਨ ’ਤੇ ਸਭ ਤੋਂ ਵੱਡੇ ਹਮਲੇ ਦੀ ਤਿਆਰੀ ’ਚ ਅਮਰੀਕਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਈਰਾਨ ’ਤੇ ਸਭ ਤੋਂ ਵੱਡਾ ਹਮਲਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ, ‘‘ਤਿਆਰੀ ਪੂਰੀ ਹੈ, ਹੁਣ ਸਿਰਫ਼ ਫ਼ੈਸਲਾ ਲੈਣਾ ਬਾਕੀ ਹੈ।’’ ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨੇ ਅਜੇ ਤੱਕ ਲੋੜੀਂਦਾ ਦਰਦ ਨਹੀਂ ਹੰਢਾਇਆ।
ਟਰੰਪ ਦੇ ਬਿਆਨ ਤੋਂ ਬਾਅਦ ਈਰਾਨ ਨੇ ਵੀ ਤੁਰੰਤ ਜਵਾਬ ਦਿੱਤਾ। ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਹਮਲੇ ਜਾਰੀ ਰੱਖੇ ਤਾਂ ਉਸ ਨੂੰ ਇਸ ਦੀ ‘ਭਾਰੀ ਕੀਮਤ’ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜੰਗ ਖ਼ਤਮ ਕਰਨ ਦਾ ਰਸਤਾ ਗੱਲਬਾਤ ਹੈ, ਨਵੇਂ ਹਮਲੇ ਨਹੀਂ। ਓਧਰ ਬ੍ਰਿਟੇਨ ਨੇ ਵੀ ਆਪਣੀ ਫ਼ੌਜ ਨੂੰ ਅਲਰਟ ’ਤੇ ਰੱਖਿਆ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਲੋੜ ਪੈਣ ’ਤੇ ਉਸ ਦੀ ਫ਼ੌਜ ਦੇਸ਼ ਦੀ ਸੁਰੱਖਿਆ ਲਈ ਤਿਆਰ ਹੈ। ਇਸੇ ਵਿਚਾਲੇ ਈਰਾਨ ਦੇ ਸਿਹਤ ਮੰਤਰਾਲਾ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿਚ ਹੋਏ ਅਮਰੀਕੀ ਫੌਜੀ ਹਮਲਿਆਂ ਵਿਚ 55 ਲੋਕਾਂ ਦੀ ਮੌਤ ਹੋਈ ਹੈ, ਜਦਕਿ 645 ਲੋਕ ਜ਼ਖ਼ਮੀ ਹੋਏ ਹਨ।
