ਅਮਰੀਕਾ ਨੇ ਕਿਊਬਾ ਦੇ 2 ਕੂਟਨੀਤਕਾਂ ਨੂੰ ਦਿੱਤਾ ਦੇਸ਼ ਛੱਡਣ ਦਾ ਆਦੇਸ਼

09/21/2019 2:20:00 AM

ਵਾਸ਼ਿੰਗਟਨ - ਸੰਯੁਕਤ ਰਾਸ਼ਟਰ 'ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ 'ਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਗਤੀਵਿਧੀਆਂ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦਾ ਦੋਸ਼ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਵੀਰਵਾਰ ਨੂੰ ਟਵਿੱਟਰ 'ਤੇ ਆਖਿਆ ਕਿ ਅਸੀਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਖਿਲਾਫ ਕਿਸੇ ਵੀ ਯਤਨ ਨੂੰ ਗੰਭੀਰਤਾ ਨਾਲ ਲੈਂਦੇ ਹਾਂ।

ਇਕ ਬਿਆਨ 'ਚ ਉਨ੍ਹਾਂ ਆਖਿਆ ਕਿ ਵਿਦੇਸ਼ ਵਿਭਾਗ ਨੇ ਕਿਊਬਾ ਦੇ ਵਿਦੇਸ਼ ਮੰਤਰਾਲੇ ਨੂੰ ਆਖਿਆ ਹੈ ਕਿ ਸੰਯੁਕਤ ਰਾਸ਼ਟਰ 'ਚ ਕਿਊਬਾ ਦੇ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਤੋਂ ਤੁਰੰਤ ਕੱਢਣ ਦੀ ਜ਼ਰੂਰਤ ਹੈ। ਆਰਟਗਸ ਨੇ ਆਖਿਆ ਕਿ ਇਹ ਦੋਵੇਂ ਆਪਣੇ ਵਿਸ਼ੇਸ਼ ਅਧਿਕਾਰ ਦਾ ਗਲਤ ਇਸਤੇਮਾਲ ਕਰ ਰਹੇ ਸਨ ਅਤੇ ਅਮਰੀਕਾ ਖਿਲਾਫ ਅਭਿਆਨ ਚਲਾਉਣ ਦਾ ਯਤਨ ਕਰ ਰਹੇ ਸਨ ਉਨ੍ਹਾਂ ਅੱਗੇ ਆਖਿਆ ਕਿ ਅਸੀਂ ਉਨਾਂ ਹੋਰ ਕਰਮਚਾਰੀਆਂ ਦੀ ਜਾਂਚ ਜਾਰੀ ਰੱਖਾਂਗੇ ਜੋ ਆਪਣੇ ਵਿਸ਼ੇਸ਼ ਅਧਿਕਾਰ ਦਾ ਗਲਤ ਇਸਤੇਮਾਲ ਕਰ ਰਹੇ ਹਨ।

ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਹ ਵੀ ਆਖਿਆ ਕਿ ਸੰਯੁਕਤ ਰਾਸ਼ਟਰ 'ਚ ਕਿਊਬਾ ਦੇ ਮਿਸ਼ਨ ਦੇ ਸਾਰੇ ਮੈਂਬਰਾਂ ਦੀਆਂ ਗਤੀਵਿਧੀਆਂ ਸਿਰਫ ਮੈਨਹੱਟਨ ਤੱਕ ਹੀ ਸੀਮਤ ਰਹਿਣਗੀਆਂ, ਜਿਥੇ ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਸਥਿਤ ਹੈ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡ੍ਰੀਗੇਜ਼ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ। ਰੋਡ੍ਰੀਗੇਜ਼ ਨੇ ਟਵਿੱਟਰ 'ਤੇ ਆਖਿਆ ਕਿ ਅਸੀਂ ਸੰਯੁਕਤ ਰਾਸ਼ਟਰ 'ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਅਧਿਕਾਰੀਆਂ ਦੇ ਅਣਉਚਿਤ ਦੇਸ਼ ਨਿਕਾਲੇ ਅਤੇ ਕੂਟਨੀਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਵਾਜਾਈ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਸਪੱਸ਼ਟ ਰੂਪ ਤੋਂ ਖਾਰਿਜ਼ ਕਰਦੇ ਹਾਂ।


Khushdeep Jassi

Content Editor

Related News