ਅਮਰੀਕੀ ਸੰਸਦ ਮੈਂਬਰ ਨੇ ਅਫਰੀਕੀ ਦੇਸ਼ਾਂ ਨੂੰ ਕੋਵਿਡ-19 ਟੀਕੇ ਭੇਜਣ ਲਈ ਭਾਰਤ ਦੀ ਕੀਤੀ ਸ਼ਲਾਘਾ
Friday, Mar 26, 2021 - 01:03 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਇਕ ਚੋਟੀ ਦੀ ਸੰਸਦ ਮੈਂਬਰ ਨੇ ਅਫਰੀਕੀ ਦੇਸ਼ਾਂ ਨੂੰ ਕੋਵਿਡ-19 ਰੋਕੂ ਟੀਕੇ ਭੇਜਣ ’ਤੇ ਭਾਰਤ ਦੀ ਪ੍ਰਸ਼ੰਸਾ ਕੀਤੀ। ਵੀਰਵਾਰ ਨੂੰ ਹਾਊਸ ਆਫ ਫਾਰੇਨ ਅਫੇਅਰਜ਼ ਕਮੇਟੀ ਦੀ ਚਰਚਾ ਦੌਰਾਨ ਅਫਰੀਕਾ ’ਚ ਟੀਕੇ ਭੇਜਣ ਦੇ ਭਾਰਤ ਦੇ ਯਤਨਾਂ ’ਤੇ ਗੱਲ ਕਰਦਿਆਂ ਸੰਸਦ ਮੈਂਬਰ ਕੈਰੇਨ ਬਾਸ ਨੇ ਕਿਹਾ, ‘‘ਭਾਰਤ ਨੇ ਅਫਰੀਕਾ ਦੇ 30 ਹੋਰ ਦੇਸ਼ਾਂ ਨੂੰ ਟੀਕੇ ਮੁਹੱਈਆ ਕਰਵਾਏ ਹਨ।’’ ਕੈਲੀਫੋਰਨੀਆ ਤੋਂ ਡੈਮੋਕੇ੍ਰਟਿਕ ਸੰਸਦ ਮੈਂਬਰ ਬਾਸ ਨੇ ਕਿਹਾ, ‘‘ਹਾਲਾਂਕਿ ਅਜਿਹੀਆਂ ਖਬਰਾਂ ਹਨ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਮਹਾਦੀਪ ਨੂੰ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਭਾਰੀ ਨਿਰਯਾਤ ਨੂੰ ਮੁਲਤਵੀ ਕਰ ਦਿੱਤਾ ਹੈ, ਫਿਰ ਵੀ ਉਨ੍ਹਾਂ ਨੇ ਮਾਨਵਤਾ ਵਿਚ ਚੰਗੀ ਆਸਥਾ ਦਿਖਾਈ ਹੈ।’’
ਉਨ੍ਹਾਂ ਨੇ ਹਾਲ ਹੀ ’ਚ ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਹੋਰ ਦੇਸ਼ਾਂ ਦੇ ਨਾਲ ਬੋਤਸਵਾਨਾ ਨੂੰ ਵੀ ਕੋਵਿਡ-19 ਦੇ 30,000 ਟੀਕੇ ਭੇਜੇ।
‘ਸੀਨੇਟ ਫਾਰੇਨ ਰਿਲੇਸ਼ਨਜ਼ ਕਮੇਟੀ ਆਨ ਡੈਮੋਕ੍ਰੇਸੀ ਇਨ ਲੈਟਿਨ ਅਮੇਰਿਕਾ ਐਂਡ ਕੈਰੇਬੀਅਨ’ ਦੀ ਸੁਣਵਾਈ ਦੌਰਾਨ ਮੁੱਖ ਸਕੱਤਰ ਲੁਈਸ ਅਲਮਾਗਰੋ ਨੇ ਖੇਤਰ ’ਚ ਭਾਰਤ ਦੇ ਇਸ ਤਰ੍ਹਾਂ ਦੇ ਕਦਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ‘‘ਕੁਝ ਦੇਸ਼ਾਂ ਨੇ ਉਦਾਹਰਣ ਲਈ, ਭਾਰਤ ਨੇ ਕੈਰੇਬੀਆਈ ਦੇਸ਼ਾਂ ਨੂੰ ਕਈ ਦਾਨ ਦਿੱਤੇ ਹਨ। ਬੇਸ਼ੱਕ ਇਸ ਨਾਲ ਕਈ ਦੇਸ਼ ਉਨ੍ਹਾਂ ਦੇ ਧੰਨਵਾਦੀ ਹਨ।’’ ਭਾਰਤ ਹੁਣ ਤਕ 70 ਤੋਂ ਵੱਧ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀਆਂ ਛੇ ਕਰੋੜ ਤੋਂ ਜ਼ਿਆਦਾ ਖੁਰਾਕਾਂ ਭੇਜ ਚੁੱਕਾ ਹੈ।