ਅਮਰੀਕਾ ''ਚ ਮੋਟਲ ਚਲਾਉਣ ਵਾਲੇ ਭਾਰਤੀ ਦਾ ਕਤਲ, ਪਰਿਵਾਰ ਦੀ ਮਦਦ ਲਈ ਇਕੱਠੇ ਹੋਏ 2.25 ਮਿਲੀਅਨ ਡਾਲਰ
Sunday, Sep 14, 2025 - 01:12 PM (IST)

ਨਿਊਯਾਰਕ (ਰਾਜ ਗੋਗਨਾ)- 10 ਸਤੰਬਰ ਨੂੰ ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਡੱਲਾਸ ਵਿੱਚ ਡਾਊਨਟਾਊਨ ਸਥਿਤ 'ਸੂਟਸ' ਨਾਂ ਦਾ ਮੋਟਲ ਚਲਾਉਣ ਵਾਲੇ ਇੱਕ ਭਾਰਤੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਇੱਕ ਗੁਜਰਾਤੀ ਵਿਅਕਤੀ ਨੇ ਮ੍ਰਿਤਕ ਦੇ ਪਰਿਵਾਰ ਦੀ ਸਹਾਇਤਾ ਲਈ ਕ੍ਰਾਊਡ ਫੰਡਿੰਗ ਸ਼ੁਰੂ ਕਰ ਦਿੱਤੀ ਹੈ।
ਕਿਊਬਾ ਦੇ ਇਕ ਗੈਰ-ਕਾਨੂੰਨੀ ਪ੍ਰਵਾਸੀ ਨੇ ਨਾਗਮੱਲਈਆ ਦੀ ਪਤਨੀ ਤੇ ਪੁੱਤਰ ਦੇ ਸਾਹਮਣੇ ਤੇਜ਼ਧਾਰ ਹਥਿਆਰ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਦਾ 18 ਸਾਲਾ ਪੁੱਤਰ ਹਾਲ ਹੀ ਵਿੱਚ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ ਸੀ ਅਤੇ ਹੁਣ ਕਾਲਜ ਜਾਣ ਦੀ ਤਿਆਰੀ ਕਰ ਰਿਹਾ ਹੈ। ਨਾਗਮੱਲਈਆ ਦੀ ਮੌਤ ਦੇਖ ਉਸ ਦੀ ਪਤਨੀ ਅਤੇ ਮੋਟਲ ਵਿੱਚ ਕੰਮ ਕਰਨ ਵਾਲੇ ਹੋਰ ਲੋਕ ਹਾਲੇ ਵੀ ਸਦਮੇ 'ਚ ਹਨ। ਪਰਿਵਾਰ ਦੀ ਮਦਦ ਲਈ ਤਨਮਯ ਪਟੇਲ ਨਾਮ ਦੇ ਇੱਕ ਗੁਜਰਾਤੀ ਨੇ 50 ਹਜ਼ਾਰ ਡਾਲਰ ਇਕੱਠੇ ਕਰਨ ਦੇ ਟੀਚੇ ਨਾਲ ਇੱਕ ਗੌਫੰਡਮੀ ਅਪੀਲ ਸ਼ੁਰੂ ਕੀਤੀ ਤੇ ਇਸ ਦੇ ਸਿਰਫ਼ 24 ਘੰਟਿਆਂ ਵਿੱਚ ਹੀ 2.25 ਮਿਲੀਅਨ ਤੋਂ ਵੱਧ ਡਾਲਰ ਇਕੱਠੇ ਕਰ ਲਏ ਗਏ ਹਨ, ਜਦਕਿ ਲੋਕ ਅਜੇ ਵੀ ਦਾਨ ਕਰ ਰਹੇ ਹਨ।
ਨਾਗਮੱਲਈਆ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਸੀ ਤੇ ਉਸ ਦੇ ਪਰਿਵਾਰ ਦੀ ਮਦਦ ਲਈ ਦੱਖਣੀ ਭਾਰਤੀ ਭਾਈਚਾਰੇ ਦੇ ਲੋਕ, ਨਾਲ ਹੀ ਗੁਜਰਾਤੀ ਅਤੇ ਪੰਜਾਬੀ ਵੀ ਖੁੱਲ੍ਹੇ ਦਿਲ ਨਾਲ ਵਿੱਤੀ ਸਹਾਇਤਾ ਦੇ ਰਹੇ ਹਨ। ਇਸ ਕ੍ਰਾਊਡ ਫੰਡਿੰਗ ਵਿੱਚ ਇਕੱਠੇ ਕੀਤੇ ਪੈਸੇ ਦੀ ਵਰਤੋਂ ਨਾਗਮਲੱਈਆ ਦਾ ਅੰਤਿਮ ਸੰਸਕਾਰ, ਉਸ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਅਤੇ ਉਸ ਦੇ ਪੁੱਤਰ ਦੀ ਉੱਚ ਸਿੱਖਿਆ ਵਿੱਚ ਮਦਦ ਕਰਨ ਲਈ ਕੀਤੀ ਜਾਵੇਗੀ।
ਮ੍ਰਿਤਕ ਨਾਗਮਲੱਈਆ ਦਾ ਅੰਤਿਮ ਸੰਸਕਾਰ ਸ਼ਨੀਵਾਰ ਦੁਪਹਿਰ 2 ਵਜੇ ਡੱਲਾਸ ਨੇੜੇ ਫਲਾਵਰ ਮਾਉਂਡ ਫੈਮਿਲੀ ਫਿਊਨਰਲ ਹੋਮ ਵਿਖੇ ਕਰ ਦਿੱਤਾ ਗਿਆ ਹੈ। ਨਾਗਮੱਲਈਆ ਜਿਸ ਮੋਟਲ ਨੂੰ ਚਲਾਉਂਦਾ ਸੀ, ਉਹ ਉਸ ਨੇ ਇਕ ਗੁਜਰਾਤੀ ਮਾਲਕ ਤੋਂ ਕਿਰਾਏ 'ਤੇ ਲਿਆ ਸੀ। ਉਸ ਦਾ ਕਤਲ ਕਰਨ ਵਾਲਾ ਨੌਜਵਾਨ ਕਿਊਬਾ ਦਾ ਪ੍ਰਵਾਸੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਵੀ ਉਸੇ ਮੋਟਲ ਵਿੱਚ ਕੰਮ ਕਰਦਾ ਸੀ। ਫਿਲਹਾਲ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e