ਦੂਜੇ ਦੇਸ਼ਾਂ ਦੀਆਂ ਸਰਕਾਰਾਂ ਡੇਗਣ ’ਚ ਦਖਲ ਦਿੰਦੈ ਅਮਰੀਕਾ: ਖੁਫੀਆ ਡਾਇਰੈਕਟਰ

Sunday, Nov 02, 2025 - 12:26 AM (IST)

ਦੂਜੇ ਦੇਸ਼ਾਂ ਦੀਆਂ ਸਰਕਾਰਾਂ ਡੇਗਣ ’ਚ ਦਖਲ ਦਿੰਦੈ ਅਮਰੀਕਾ: ਖੁਫੀਆ ਡਾਇਰੈਕਟਰ

ਵਾਸ਼ਿੰਗਟਨ - ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਿਚ ਖੁਫੀਆ ਵਿਭਾਗ ਦੀ ਡਾਇਰੈਕਟਰ ਤੁਲਸੀ ਗੈਬਾਰਡ ਨੇ ਦੂਜੇ ਦੇਸ਼ਾਂ ਵਿਚ ਸੱਤਾ ਤਬਦੀਲੀ ਕਰਨ ਦੀ ਨੀਤੀ ਨੂੰ ਖੁੱਲ੍ਹ ਕੇ ਸਵੀਕਾਰ ਕੀਤਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਦਹਾਕਿਆਂ ਤੋਂ ਅਮਰੀਕੀ ਸਰਕਾਰ ਦੂਜੇ ਦੇਸ਼ਾਂ ਵਿਚ ਦਖਲਅੰਦਾਜ਼ੀ ਕਰ ਕੇ ਸੱਤਾ ਤਬਦੀਲੀ ਕਰਵਾਉਂਦੀ ਆ ਰਹੀ ਹੈ ਪਰ ਇਸ ਨੀਤੀ ਨੇ ਵਿਸ਼ਵਵਿਆਪੀ ਸੁਰੱਖਿਆ ਨੂੰ ਵਧਾਉਣ ਦੀ ਥਾਂ ਅਮਰੀਕਾ ਦੇ ਦੁਸ਼ਮਣਾਂ ਦੀ ਗਿਣਤੀ ਵਧਾ ਦਿੱਤੀ ਹੈ।

ਤੁਲਸੀ ਨੇ ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਨੂੰ ਅਮਰੀਕਾ ਦੀ ਇਸ ਦਖਲਅੰਦਾਜ਼ੀ ਵਾਲੀ ਨੀਤੀ ਦਾ ਹੀ ਨਤੀਜਾ ਮੰਨਿਆ। ਹਾਲਾਂਕਿ, ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਅਧੀਨ ਇਸ ਨੀਤੀ ਦੇ ਖਾਤਮੇ ਦਾ ਵੀ ਐਲਾਨ ਕੀਤਾ ਹੈ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਵੱਲੋਂ ਆਯੋਜਿਤ ਮਨਾਮਾ ਡਾਇਲਾਗ ਵਿਚ ਆਪਣੀ ਗੱਲ ਰੱਖਦੇ ਹੋਏ ਗੈਬਾਰਡ ਨੇ ਕਿਹਾ ਕਿ ਅਮਰੀਕਾ ਦੀ ਇਹ ਦਖਲਅੰਦਾਜ਼ੀ ਨੀਤੀ ਅਕਸਰ ਵਾਸ਼ਿੰਗਟਨ ’ਤੇ ਉਲਟੀ ਪੈਂਦੀ ਸੀ। ਗੈਬਾਰਡ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਸਾਡੀ ਵਿਦੇਸ਼ ਨੀਤੀ ਦੂਜੇ ਦੇਸ਼ਾਂ ਦੇ ਸ਼ਾਸਨ ਨੂੰ ਬਦਲਣ ਅਤੇ ਫਿਰ ਉਸ ਰਾਸ਼ਟਰ ਨੂੰ ਬਣਾਉਣ ਦੀ ਕੋਸ਼ਿਸ਼ ਦੇ ਇਕ ਵਿਅਰਥ ਅਤੇ ਬੇਅੰਤ ਚੱਕਰ ਵਿਚ ਫਸੀ ਹੋਈ ਸੀ। ਇਹ ਕਿਸੇ ਦੇਸ਼ ਦੇ ਸ਼ਾਸਨ ਨੂੰ ਪੁੱਟ ਸੁੱਟਣ ਅਤੇ ਉਸ ’ਤੇ ਆਪਣੀ ਸਰਕਾਰ ਦੀ ਪ੍ਰਣਾਲੀ ਥੋਪਣ ਦੀ ਕੋਸ਼ਿਸ਼ ਕਰਨ ਦਾ ਸੰਘਰਸ਼ ਕਰਨਾ ਸਾਡੇ ’ਤੇ ਹੀ ਉਲਟਾ ਪੈਂਦਾ ਸੀ। ਇਸਦੇ ਕਾਰਨ ਅਸੀਂ ਆਪਣੇ ਸਹਿਯੋਗੀਆਂ ਤੋਂ ਜ਼ਿਆਦਾ ਦੁਸ਼ਮਣਾਂ ਨੂੰ ਵਧਾ ਲਿਆ ਹੈ।

ਟਰੰਪ ਪ੍ਰਸ਼ਾਸਨ ਦੀ ਅਹਿਮ ਮੈਂਬਰ ਤੁਲਸੀ ਗੈਬਾਰਡ ਨੇ ਸਵੀਕਾਰ ਕੀਤਾ ਕਿ ਇਸ ਨੀਤੀ ਦੇ ਨਤੀਜੇ ਬਹੁਤ ਹੀ ਵਿਨਾਸ਼ਕਾਰੀ ਸਨ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਨਤੀਜੇ ਵਜੋਂ ਅਣਗਿਣਤ ਜਾਨਾਂ ਗਈਆਂ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿਚ ਹੋਰ ਵੀ ਵੱਡੇ ਅਤੇ ਗੰਭੀਰ ਸੁਰੱਖਿਆ ਖਤਰੇ ਹੋ ਗਏ।

ਟਰੰਪ ਨੇ ਬਦਲੀ ਅਮਰੀਕੀ ਨੀਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਜ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਗੈਬਾਰਡ ਨੇ ਕਿਹਾ ਕਿ ਟਰੰਪ ਦੇ ਦੂਜੇ ਕਾਰਜਕਾਲ ਵਿਚ ਸੰਯੁਕਤ ਸੂਬਾ ਅਮਰੀਕਾ ਦੀ ਨੀਤੀ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਆਰਥਿਕ ਖੁਸ਼ਹਾਲੀ ਅਤੇ ਖੇਤਰੀ ਸਥਿਰਤਾ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਹੈ।

ਗੈਬਾਰਡ ਟਰੰਪ ਦੀ ਅਗਵਾਈ ਹੇਠ ਅਮਰੀਕਾ ਦੀ ਇਹ ਨੀਤੀ ਹਾਲ ਹੀ ਵਿਚ ਗਾਜ਼ਾ ਜੰਗਬੰਦੀ ਦੌਰਾਨ ਵੀ ਦੇਖੀ ਗਈ ਸੀ। ਇਸ ਵਿਚ ਗਾਜ਼ਾ ਵਿਚ ਜਾਰੀ ਜੰਗ ਦੀ ਸਮਾਪਤੀ ਅਤੇ ਈਰਾਨ ਦੇ ਪ੍ਰਮਾਣੂ ਕੇਂਦਰਾਂ ’ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਸ਼ਾਮਲ ਹਨ ਜਿਸਦੇ ਕਾਰਨ ਇਜ਼ਰਾਈਲ ਅਤੇ ਈਰਾਨ ਦਾ ਸੰਘਰਸ਼ ਖਤਮ ਹੋਇਆ। ਗੈਬਾਰਡ ਨੇ ਗਾਜ਼ਾ ਵਿਚ ਜਾਰੀ ਜੰਗਬੰਦੀ ਨੂੰ ਅਜੇ ਵੀ ਨਾਜ਼ੁਕ ਹਾਲਾਤ ਵਿਚ ਦੱਸਿਆ।
 


author

Inder Prajapati

Content Editor

Related News