ਅਮਰੀਕਾ ਨੇ ਲਾਇਆ ''ਸੈਮਸੰਗ ਗਲੈਗਸੀ ਨੋਟ 7'' ਸਮਾਰਟਫੋਨ ''ਤੇ ਬੈਨ!
Sunday, Oct 16, 2016 - 06:02 AM (IST)

ਵਾਸ਼ਿੰਗਟਨ— ਅਮਰੀਕੀ ਸਰਕਾਰ ਨੇ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨਾਂ ਵਿਚ ਅੱਗ ਲੱਗਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਨ੍ਹਾਂ ਨੂੰ ਜਹਾਜ਼ਾਂ ਵਿਚ ਲਿਜਾਣ ''ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਜਹਾਜ਼ਾਂ ਵਿਚ ਇਸ ਫੋਨ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਲਿਆ ਗਿਆ ਹੈ। ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ''ਤੇ ਜਹਾਜ਼ ਵਿਚ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ ਨੂੰ ਲਿਜਾਣ ''ਤੇ ਲੱਗੀ ਰੋਕ ਅੱਜ ਤੋਂ ਲਾਗੂ ਹੋਵੇਗੀ। ਹੁਕਮ ਵਿਚ ਕਿਹਾ ਗਿਆ ਕਿ ਅਮਰੀਕਾ ਦੇ ਅੰਦਰ ਜਾਂ ਦੇਸ਼ ਵਿਚ ਆਉਣ ਜਾਂ ਜਾਣ ਵਾਲੇ ਕਿਸੀ ਵੀ ਜਹਾਜ਼ ਵਿਚ ਇਹ ਫੋਨ ਨਾ ਲਿਆਂਦਾ ਜਾਵੇ ਅਤੇ ਨਾ ਹੀ ਇਸ ਨੂੰ ਬੈਗਜ਼ ਵਿਚ ਪੈਕ ਕੀਤਾ ਜਾਵੇ। ਹੁਕਮ ਮੁਤਾਬਕ ਇਨ੍ਹਾਂ ਫੋਨਾਂ ਸਮੇਤ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਫੋਨ ਜ਼ਬਤ ਕਰ ਲਏ ਜਾਣਗੇ ਅਤੇ ਉਨ੍ਹਾਂ ''ਤੇ ਜ਼ੁਰਮਾਨਾ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਫੋਨ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਤੋਂ ਬਾਅਦ ਸੈਮਸੰਗ ਕੰਪਨੀ ਨੇ ਬੈਟਰੀ ਦੇ ਨਿਰਮਾਣ ਦਾ ਹਵਾਲਾ ਦੇ ਕੇ 25 ਲੱਖ ਸਮਾਰਟਫੋਨਜ਼ ਨੂੰ ਬਾਜ਼ਾਰ ''ਚੋਂ ਵਾਪਸ ਲੈ ਲਿਆ ਸੀ ਅਤੇ ਇਨ੍ਹਾਂ ਦਾ ਉਤਪਾਦਨ ਰੋਕ ਦਿੱਤਾ ਸੀ।
ਟਰਾਂਸਪੋਰਟ ਮੰਤਰੀ ਐਂਟਨੀ ਫਾਕਸ ਨੇ ਕਿਹਾ ਕਿ ਇਸ ਬੈਨ ਨਾਲ ਇਨ੍ਹਾਂ ਫੋਨਜ਼ ਵਾਲੇ ਯਾਤਰੀਆਂ ਨੂੰ ਅਸਹੂਲਤ ਜ਼ਰੂਰ ਹੋਵੇਗੀ ਪਰ ਯਾਤਰੀਆਂ ਦੀਆਂ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਿਸੀ ਘਟਨਾ ਕਾਰਨ ਜਹਾਜ਼ ਵਿਚ ਅੱਗ ਲੱਗਣ ਦੀ ਸੂਰਤ ਵਿਚ ਉਸ ਵਿਚ ਸਵਾਰ ਸਾਰੇ ਲੋਕਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ। ਸੈਮਸੰਗ ਕੰਪਨੀ ਨੇ ਕਿਹਾ ਕਿ ਉਹ ਗਾਹਕਾਂ ਨੂੰ ਇਸ ਬੈਨ ਸੰਬੰਧੀ ਜਾਣਕਾਰੀ ਦੇਣ ਲਈ ਵਿਭਾਗ ਦੇ ਨਾਲ ਮਿਲ ਕੇ ਕਰ ਰਹੀ ਹੈ। ਕੰਪਨੀ ਨੇ ਇਨ੍ਹਾਂ ਸਮਾਰਟਫੋਨਾਂ ਦੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੋਨ ਸੇਵਾ ਪ੍ਰਦਾਤਾ ਜਾਂ ਸਟੋਰ ਵਿਚ ਜਾ ਕੇ ਆਪਣੇ ਫੋਨ ਦੇ ਬਦਲੇ ਫੋਨ ਜਾਂ ਫਿਰ ਪੈਸੇ ਲੈ ਵਾਪਸ ਲੈ ਲੈਣ। ਇੱਥੇ ਜ਼ਿਕਰਯੋਗ ਹੈ ਕਿ ਸੈਮਸੰਗ ਗਲੈਕਸੀ ਨੋਟ 7 ਫੋਨ ਇਕੱਲਾ ਅਜਿਹਾ ਗੈਜੇਟ ਨਹੀਂ ਹੈ, ਜਿਸ ਵਿਚ ਲਿਥੀਅਮ ਬੈਟਰੀ ਕਾਰਨ ਅੱਗ ਲੱਗਣ ਵਰਗੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਬੈਟਰੀਆਂ ਕਾਰਨ ਲੈਪਟਾਪ ਤੋਂ ਲੈ ਕੇ ਟੈਸਲਾਂ ਕਾਰਾਂ ਅਤੇ ਬੋਇੰਗ ਦੇ 787 ਜੈੱਟਲਾਈਨਟਰ ਵਿਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।