ਮੁਕਤਸਰ ਸਾਹਿਬ ’ਚ ਕਾਨੂੰਗੋ ਨੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਨੋਟ ''ਚ ਹੋਇਆ ਵੱਡਾ ਖੁਲਾਸਾ

Friday, Jun 20, 2025 - 01:06 PM (IST)

ਮੁਕਤਸਰ ਸਾਹਿਬ ’ਚ ਕਾਨੂੰਗੋ ਨੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਨੋਟ ''ਚ ਹੋਇਆ ਵੱਡਾ ਖੁਲਾਸਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੀ ਮਿਡਵੇ ਕਾਲੋਨੀ ਗਲੀ ਨੰਬਰ 2 ਵਿਚ ਰਹਿਣ ਵਾਲੇ ਇਕ ਕਾਨੂੰਗੋ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਲਾਸ਼ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਮ੍ਰਿਤਕ ਨੇ ਕੋਟਕਪੂਰਾ ਦੇ ਤਿੰਨ ਲੋਕਾਂ ’ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤੰਗ ਕਰਨ ਦੇ ਦੋਸ਼ ਲਾਏ ਹਨ, ਜਿਸ ਨਾਲ ਮਾਨਸਿਕ ਤੌਰ ’ਤੇ ਦੁਖੀ ਹੋ ਕੇ ਇਹ ਖੌਫਨਾਕ ਕਦਮ ਚੁੱਕਿਆ।

ਥਾਣਾ ਸਦਰ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ ਕੋਟਕਪੂਰਾ ਦੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਚੱਕ ਬੀੜ ਸਰਕਾਰ ਨੇੜੇ ਮਿਡਵੇ ਕਾਲੋਨੀ ਗਲੀ ਨੰਬਰ 2 ਵਾਸੀ ਕੇਵਲਪ੍ਰੀਤ ਕੌਰ ਪਤਨੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਕਾਨੂੰਗੋ ਜਸਵਿੰਦਰ ਸਿੰਘ (ਉਮਰ 35 ਸਾਲ) ਨੂੰ ਕੋਟਕਪੂਰਾ ਦੇ ਤਿੰਨ ਲੋਕ ਪੈਸਿਆਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਅਕਸਰ ਹੀ ਪੈਸਿਆਂ ਦੀ ਮੰਗ ਕਰਦੇ ਰਹਿੰਦੇ ਸਨ ਜਿਸ ਤੋਂ ਦੁਖੀ ਹੋ ਕੇ ਉਸ ਦੇ ਪਤੀ ਜਸਵਿੰਦਰ ਸਿੰਘ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਕਾਨੂੰਗੋ ਦੀ ਪਤਨੀ ਦੇ ਬਿਆਨ ’ਤੇ ਇਮਰੋਜਪ੍ਰੀਤ ਸਿੰਘ ਵਾਸੀ ਦੇਵੀ ਲਾਲ ਰੋਡ ਕੋਟਕਪੂਰਾ, ਰਾਜਵਿੰਦਰ ਸਿੰਘ ਉਰਫ਼ ਲਾਟੂ ਵਾਸੀ ਕੋਟਕਪੂਰਾ ਅਤੇ ਪਾਲਾ ਵਾਸੀ ਕੋਟਕਪੂਰਾ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਦੋਸ਼ੀ ਪੁਲਸ ਗ੍ਰਿਫ਼ਤ ਤੋਂ ਬਾਹਰ ਹਨ।

ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਸ ਨੂੰ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਪੈਸਿਆਂ ਨੂੰ ਲੈ ਕੇ ਉਕਤ ਲੋਕਾਂ ਵੱਲੋਂ ਪ੍ਰੇਸ਼ਾਨ ਕਰਨ ਦੀ ਗੱਲ ਕਹੀ ਗਈ ਹੈ ਪਰ ਸੁਸਾਈਡ ਨੋਟ ਕੁਝ ਸਾਫ਼ ਨਾ ਲਿਖਿਆ ਹੋਣ ਦੇ ਚੱਲਦਿਆਂ ਲੈਣ ਦੇਣ ਦਾ ਕੀ ਮਾਮਲਾ ਸੀ, ਕੁਝ ਸਪੱਸ਼ਟ ਨਹੀਂ ਹੋ ਰਿਹਾ ਹੈ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਸ ਵਲੋਂ ਤਿੰਨੋਂ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਚੁੱਕਾ ਹੈ ਤੇ ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News