ਅਮਰੀਕਾ : ਭਾਰੀ ਬਰਫਬਾਰੀ ਕਾਰਨ ਵਾਸ਼ਿੰਗਟਨ 'ਚ ਐਮਰਜੈਂਸੀ

Monday, Feb 11, 2019 - 08:58 AM (IST)

ਅਮਰੀਕਾ : ਭਾਰੀ ਬਰਫਬਾਰੀ ਕਾਰਨ ਵਾਸ਼ਿੰਗਟਨ 'ਚ ਐਮਰਜੈਂਸੀ

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੇ ਸੂਬੇ ਵਾਸ਼ਿੰਗਟਨ 'ਚ ਭਾਰੀ ਬਰਫਬਾਰੀ ਹੋਣ ਕਾਰਨ ਸੋਮਵਾਰ ਨੂੰ ਸਾਰੇ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ਵਾਸ਼ਿੰਗਟਨ ਦੇ ਗਵਰਨਰ ਜੇਅ ਇਨਸਲੀ ਨੇ ਸ਼ੁੱਕਰਵਾਰ ਨੂੰ ਖਰਾਬ ਮੌਸਮ ਨੂੰ ਦੇਖਦੇ ਹੋਇਆਂ ਸੂਬੇ 'ਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ। ਮੌਸਮ ਅਧਿਕਾਰੀਆਂ ਵਲੋਂ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਕੇ ਦੱਸ ਦਿੱਤਾ ਗਿਆ ਸੀ ਕਿ ਅਗਲੇ ਇਕ ਹਫਤੇ ਤਕ ਭਾਰੀ ਬਰਫਬਾਰੀ ਹੋਣ ਦੇ ਆਸਾਰ ਹਨ, ਇਸ ਲਈ ਲੋਕ ਤਿਆਰ ਰਹਿਣ।

PunjabKesari

ਕਿਹਾ ਜਾ ਰਿਹਾ ਹੈ ਕਿ ਬਰਫੀਲਾ ਤੂਫਾਨ ਆ ਸਕਦਾ ਹੈ ਜਿਸ ਕਾਰਨ ਸਾਰੇ ਪ੍ਰੀ-ਸਕੂਲਾਂ ਸਮੇਤ ਕਈ ਸਕੂਲ-ਕਾਲਜ ਬੰਦ ਰਹਿਣਗੇ। ਇਸ ਦੇ ਨਾਲ ਹੀ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ 'ਚ ਹੋਣ ਵਾਲੇ ਐਥਲੈਟਿਕ ਅਤੇ ਲਾਇਬ੍ਰੇਰੀ ਵਰਕ ਵਰਗੇ ਪ੍ਰੋਗਰਾਮ ਵੀ ਨਹੀਂ ਕੀਤੇ ਜਾਣਗੇ। ਸਕੂਲਾਂ ਦੇ ਬਹੁਤ ਸਾਰੇ ਫਿਟਨੈੱਸ ਸੈਂਟਰਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਬੀਤੇ ਦਿਨ ਓਰੇਗਨ ਸੂਬੇ 'ਚ ਵੀ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

PunjabKesari

ਤੁਹਾਨੂੰ ਦੱਸ ਦਈਏ ਕਿ ਸਿਆਟਲ ਅਤੇ ਇਸ ਦੇ ਨਾਲ ਲੱਗਦੇ ਸੂਬੇ ਓਰੇਗਨ 'ਚ ਬੀਤੇ ਦਿਨ ਭਾਰੀ ਬਰਫਬਾਰੀ ਹੋਈ ਸੀ, ਜੋ ਤਕਰੀਬਨ 8 ਤੋਂ 10 ਇੰਚ ਤਕ ਮਾਪੀ ਗਈ, ਅਜਿਹਾ ਪਿਛਲੇ 70 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ। ਦੋ ਦਿਨ ਪਹਿਲਾਂ ਹੀ ਅਧਿਕਾਰੀਆਂ ਵਲੋਂ ਲੋਕਾਂ ਨੂੰ ਅਲਰਟ ਕਰਦੇ ਹੋਏ ਕਿਹਾ ਗਿਆ ਸੀ ਕਿ ਉਹ ਕੁਝ ਦਿਨਾਂ ਦਾ ਰਾਸ਼ਨ ਪਹਿਲਾਂ ਹੀ ਆਪਣੇ ਘਰਾਂ 'ਚ ਜਮ੍ਹਾਂ ਕਰ ਲੈਣ। ਇਸੇ ਕਾਰਨ ਰਾਸ਼ਨ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਰਹੀ ਅਤੇ ਕਈ ਥਾਵਾਂ 'ਤੇ ਦੁੱਧ ਦੀ ਕਮੀ ਵੀ ਰਹੀ। ਬੀਤੇ ਦਿਨ ਇੱਥੇ 250 ਤੋਂ ਵਧੇਰੇ ਉਡਾਣਾਂ ਰੱਦ ਰਹੀਆਂ ਅਤੇ ਲੋਕ ਹਵਾਈ ਅੱਡਿਆਂ 'ਤੇ ਫਸ ਗਏ। ਫਿਲਹਾਲ ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਜਾਰੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਇਕ ਹਫਤੇ ਤਕ ਮੌਸਮ ਖਰਾਬ ਹੀ ਰਹੇਗਾ, ਇਸ ਲਈ ਬਿਹਤਰ ਹੋਵੇਗਾ ਕਿ ਲੋਕ ਘਰਾਂ 'ਚ ਹੀ ਰਹਿਣ।


Related News