ਅਮਰੀਕੀ ਰੱਖਿਆ ਵਿਭਾਗ ਨੇ ਗੁਆਟਨਾਮੋ ਨਜ਼ਰਬੰਦੀਆਂ ਦੀ ਕੋਰੋਨਾ ਟੀਕਾਕਰਨ ਯੋਜਨਾ ਨੂੰ ਰੋਕਿਆ

Monday, Feb 01, 2021 - 01:52 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਗੁਆਟਨਾਮੋ ਜੇਲ੍ਹ ਕੈਂਪ ਵਿਚ ਨਜ਼ਰਬੰਦਾਂ ਨੂੰ ਕੋਰੋਨਾ ਟੀਕਾ ਦੇਣ ਦੀ ਯੋਜਨਾ ਨੂੰ ਰੋਕ ਦਿੱਤਾ ਹੈ। ਇਸ ਕੈਂਪ ਵਿਚ ਲਗਭਗ 40 ਕੈਦੀ ਨਜ਼ਰਬੰਦ ਹਨ, ਜਿਨ੍ਹਾਂ ਵਿਚ 9/11 ਦੇ ਹਮਲੇ ਨਾਲ ਸੰਬੰਧਤ ਆਰਕੀਟੈਕਟ ,ਖਾਲਿਦ ਸ਼ੇਖ ਮੁਹੰਮਦ ਵਰਗੇ ਅਪਰਾਧੀ ਵੀ ਸ਼ਾਮਲ ਹਨ। 

ਇਸ ਯੋਜਨਾ ਨੂੰ ਸ਼ੁੱਕਰਵਾਰ ਦੇ ਦਿਨ ਰੱਖਿਆ ਵਿਭਾਗ ਦੇ  ਬੁਲਾਰੇ ਨੇ ਜਨਤਕ ਕਰਦਿਆਂ ਪੁਸ਼ਟੀ ਕੀਤੀ ਸੀ ਕਿ ਵਿਭਾਗ ਸਾਰੇ ਨਜ਼ਰਬੰਦੀਆਂ ਨੂੰ ਸਵੈਇੱਛੁਕ ਅਧਾਰ 'ਤੇ ਕੋਵਿਡ -19 ਟੀਕੇ ਲਗਾਏਗਾ ਪਰ ਇਸ ਘੋਸ਼ਣਾ ਦੀ ਰੀਪਬਲਿਕਨ ਸਿਆਸਤਦਾਨਾਂ ਵਲੋਂ ਅਲੋਚਨਾ ਕੀਤੀ ਗਈ ਸੀ, ਜਿਨ੍ਹਾਂ ਨੇ ਸਰਕਾਰ ਵੱਲੋਂ ਅੱਤਵਾਦ ਨਾਲ ਸੰਬੰਧਤ ਸ਼ੱਕੀ ਲੋਕਾਂ ਨੂੰ ਕਮਜ਼ੋਰ ਅਮਰੀਕੀ ਲੋਕਾਂ ਨਾਲੋਂ ਅੱਗੇ ਰੱਖਣ ਵਾਲੀ ਇਸ ਦੀ ਯੋਜਨਾ ਦੀ ਨਿੰਦਿਆ ਕੀਤੀ ਸੀ। 

ਇਸ ਤੋਂ ਬਾਅਦ ਪੈਂਟਾਗਨ ਵਲੋਂ ਸ਼ਨੀਵਾਰ ਨੂੰ ਇਸ ਪ੍ਰੋਗਰਾਮ 'ਤੇ ਰੋਕ ਲਗਾਉਦਿਆਂ ਨਜ਼ਰਬੰਦੀਆਂ ਦੇ ਕੋਰੋਨਾ ਟੀਕਾਕਰਨ ਦੀ ਯੋਜਨਾ ਨੂੰ ਬੰਦ ਕੀਤਾ ਹੈ। ਇਸ ਸੰਬੰਧੀ ਪੈਂਟਾਗਨ ਦੇ ਬੁਲਾਰੇ ਜੌਹਨ ਕਰਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਗੁਆਟਨਾਮੋ ਨਜ਼ਰਬੰਦੀ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ ਅਤੇ ਵਿਭਾਗ ਇਸ ਯੋਜਨਾ ਨੂੰ ਰੋਕ ਰਿਹਾ ਹੈ। 

ਇਸ ਟੀਕਾਕਰਨ ਯੋਜਨਾ ਨੂੰ ਰੱਖਿਆ ਵਿਭਾਗ ਦੇ ਸਿਹਤ ਮਾਮਲਿਆਂ ਦੇ ਪ੍ਰਮੁੱਖ ਡਿਪਟੀ ਸਹਾਇਕ ਸੈਕਟਰੀ ਟੇਰੀ ਅਡੀਰਿਮ ਨੇ 27 ਜਨਵਰੀ ਨੂੰ ਇਕ ਮੈਮੋ ਦੇ ਜ਼ਰੀਏ ਅਧਿਕਾਰਿਤ ਕੀਤਾ ਸੀ।ਗੁਆਂਟਨਾਮੋ ਕੇਂਦਰ ਨੂੰ 2002 ਵਿੱਚ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੀ ਅਗਵਾਈ ਵਿਚ ਹਾਈ ਪ੍ਰੋਫਾਈਲ ਕੈਦੀਆਂ ਨੂੰ ਰੱਖਣ ਲਈ ਖੋਲ੍ਹਿਆ ਸੀ। ਇਸ ਦੇ ਇਲਾਵਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਜੇਲ੍ਹ ਕੈਂਪ ਨੂੰ ਬੰਦ ਕਰਨ ਲਈ ਅਸਫ਼ਲ ਕੋਸ਼ਿਸ਼ ਕੀਤੀ ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਹੂਲਤ ਨੂੰ ਖੁੱਲ੍ਹਾ ਰੱਖਣ ਦੇ ਹੱਕ ਵਿਚ ਸਨ।


Lalita Mam

Content Editor

Related News