ਅਮਰੀਕਾ : 3,533 ਯਾਤਰੀਆਂ ਨਾਲ ਭਰੇ ਜਹਾਜ਼ ''ਚੋਂ 21 ਲੋਕ ਕੋਰੋਨਾ ਨਾਲ ਪੀੜਤ
Saturday, Mar 07, 2020 - 11:20 AM (IST)
ਲਾਸ ਏਂਜਲਸ— ਅਮਰੀਕਾ 'ਚ ਸੈਨ ਫਰਾਂਸਿਸਕੋ ਦੇ ਤਟ 'ਤੇ ਖੜ੍ਹੇ ਕਰੂਜ਼ ਜਹਾਜ਼ 'ਚ ਸਵਾਰ 21 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚ 19 ਚਾਲਕ ਦਲ ਦੇ ਮੈਂਬਰ ਅਤੇ 2 ਯਾਤਰੀ ਹਨ।
ਪੇਂਸ ਨੇ ਦੱਸਿਆ ਕਿ ਇਸ ਵੀਕਐਂਡ ਤਕ ਜਹਾਜ਼ ਨੂੰ ਗੈਰ-ਵਣਜ ਡੌਕ ਤਕ ਲਿਆਂਦਾ ਜਾਵੇਗਾ ਅਤੇ ਸਾਰੇ 3,533 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ ਜਾਵੇਗੀ। 'ਗ੍ਰੈਂਡ ਪ੍ਰਿੰਸਸ' ਨਾਂ ਦਾ ਇਹ ਜਹਾਜ਼ ਬੁੱਧਵਾਰ ਤੋਂ ਸੈਨ ਫਰਾਂਸਿਸਕੋ 'ਚ ਫਸਿਆ ਹੋਇਆ ਹੈ। ਇਸ 'ਚ ਸਵਾਰ 2 ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦਾ ਪਤਾ ਲੱਗਾ ਸੀ।
ਜ਼ਿਕਰਯੋਗ ਹੈ ਕਿ ਪਹਿਲਾਂ ਡਾਇਮੰਡ ਪ੍ਰਿਸੰਸ ਨਾਂ ਦੇ ਕਰੂਜ਼ ਜਹਾਜ਼ 'ਚ ਕੋਰੋਨਾ ਪੀੜਤਾਂ ਬਾਰੇ ਪਤਾ ਲੱਗਾ ਸੀ ਤੇ ਇਸ ਜਹਾਜ਼ ਨੂੰ ਲੰਬੇ ਸਮੇਂ ਤਕ ਜਾਪਾਨ ਦੇ ਤਟ 'ਤੇ ਖੜ੍ਹਾ ਕੀਤਾ ਗਿਆ ਸੀ।ਅਮਰੀਕਾ ਦੇ ਸਟੇਟ ਵਿਭਾਗ ਵਲੋਂ ਲੋਕਾਂ ਨੂੰ ਪਿਛਲੇ ਮਹੀਨੇ ਹਿਦਾਇਤ ਦਿੱਤੀ ਗਈ ਸੀ ਕਿ ਉਹ ਕੋਰੋਨਾ ਵਾਇਰਸ ਦੇ ਡਰ ਕਾਰਨ ਕੁਝ ਸਮੇਂ ਤਕ ਕਰੂਜ਼ ਜਹਾਜ਼ਾਂ ਦਾ ਸਫਰ ਨਾ ਕਰਨ। ਤੁਹਾਨੂੰ ਦੱਸ ਦਈਏ ਕਿ ਕਰੂਜ਼ ਇੰਡਸਟਰੀ ਅਮਰੀਕੀ ਇਕੋਨਮੀ 'ਤੇ ਕਾਫੀ ਪ੍ਰਭਾਵ ਪਾਉਂਦੀ ਹੈ ਤੇ ਇਸ ਨੇ 2018 'ਚ 53 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਸੀ। ਇਸ ਨੇ 4,20,000 ਨੌਕਰੀਆਂ ਵੀ ਦਿੱਤੀਆਂ ਹਨ।