ਦੁਖ਼ਦਾਇਕ: US ’ਚ ਕੋਰੋਨਾ ਮ੍ਰਿਤਕਾਂ ਦੀ ਸੰਖਿਆ 7 ਲੱਖ ਪੁੱਜੀ, ਵੈਕਸੀਨ ਨਾ ਲਵਾਉਣ ਵਾਲੇ ਪੈ ਰਹੇ ਦੂਜਿਆਂ ’ਤੇ ਭਾਰੀ

10/02/2021 11:17:44 AM

ਮਿਨੀਆਪੋਲਿਸ/ਅਮਰੀਕਾ (ਭਾਸ਼ਾ) : ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਸੰਖਿਆ ਸ਼ੁੱਕਰਵਾਰ ਨੂੰ 7,00,000 ਦੇ ਅੰਕੜੇ ’ਤੇ ਪਹੁੰਚ ਗਈ। ਉਥੇ ਹੀ ਬਹੁਤ ਜ਼ਿਆਦਾ ਛੂਤ ਵਾਲੇ ਡੈਲਟਾ ਵੈਰੀਐਂਟ ਦੇ ਮਾਮਲਿਆਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਅਤੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਕੁੱਝ ਘੱਟ ਹੋਈ ਹੈ। ਅਮਰੀਕਾ ਵਿਚ ਡੈਲਟਾ ਵੈਰੀਐਂਟ ਕਾਰਨ ਮ੍ਰਿਤਕਾਂ ਦੀ ਸੰਖਿਆ 6,00,000 ਤੋਂ 7,00,000 ਪਹੁੰਚਣ ਵਿਚ ਸਿਰਫ਼ ਸਾਢੇ 7 ਮਹੀਨੇ ਦਾ ਸਮਾਂ ਲੱਗਾ। ਡੈਲਟਾ ਵੈਰੀਐਂਟ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਫੈਲਿਆ, ਜਿਨ੍ਹਾਂ ਨੇ ਕੋਵਿਡ-19 ਰੋਕੂ ਟੀਕੇ ਦੀ ਖ਼ੁਰਾਕ ਨਹੀਂ ਲਈ ਸੀ।

ਇਹ ਵੀ ਪੜ੍ਹੋ : ISIS-K ਨੇ ਲਈ ਪਾਕਿਸਤਾਨ ਦੇ ਪੇਸ਼ਾਵਰ 'ਚ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਵਾਰੀ

ਮ੍ਰਿਤਕਾਂ ਦੀ ਸੰਖਿਆ ਬੋਸਟਨ ਦੀ ਆਬਾਦੀ ਤੋਂ ਕਿਤੇ ਜ਼ਿਆਦਾ ਹੈ। ਮ੍ਰਿਤਕਾਂ ਦਾ ਇਹ ਅੰਕੜਾ ਸਿਹਤ ਨੇਤਾਵਾਂ ਅਤੇ ਡਾਕਟਰਾਂ ਲਈ ਪਰੇਸ਼ਾਨ ਕਰਨ ਵਾਲਾ ਹੈ, ਕਿਉਂਕਿ ਟੀਕੇ ਸਾਰੇ ਅਮਰੀਕੀਆਂ ਨੂੰ ਲੱਗਭਗ 6 ਮਹੀਨੇ ਤੋਂ ਉਪਲਬੱਧ ਹਨ ਅਤੇ ਟੀਕੇ ਦੀ ਖ਼ੁਰਾਕ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਅਤੇ ਮਰਨ ਤੋਂ ਬਚਾਅ ਸਕਦੀ ਹੈ। ਅਜਿਹਾ ਅਨੁਮਾਨ ਹੈ ਕਿ 7 ਕਰੋੜ ਯੋਗ ਅਮਰੀਕੀਆਂ ਨੇ ਅਜੇ ਟੀਕੇ ਦੀ ਖ਼ੁਰਾਕ ਨਹੀਂ ਲਈ ਹੈ। ਹਾਲਾਂਕਿ ਮ੍ਰਿਤਕਾਂ ਦੀ ਵਧਦੀ ਸੰਖਿਆ ਦੇ ਬਾਵਜੂਦ ਸੁਧਾਰ ਦੇ ਕੁੱਝ ਸੰਕੇਤ ਹਨ। ਦੇਸ਼ਭਰ ਵਿਚ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਸੰਖਿਆ ਕਰੀਬ 75,000 ਹੈ, ਜਦੋਂਕਿ ਸਤੰਬਰ ਦੀ ਸ਼ੁਰੂਆਤ ਵਿਚ ਇਹ ਸੰਖਿਆ 93,000 ਸੀ।

ਇਹ ਵੀ ਪੜ੍ਹੋ : ਸੋਡੇ ਦੀ 2 ਲੀਟਰ ਬੋਤਲ ਖ਼ਰੀਦਣ ਲਈ ਦੇਣੇ ਪੈਂਦੇ ਸਨ 80 ਲੱਖ ਬੋਲੀਵਰ, ਵੈਨੇਜ਼ੁਏਲਾ ਲਿਆਇਆ ਨਵੀਂ ਕਰੰਸੀ

ਲਾਗ ਦੇ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ। ਮ੍ਰਿਤਕਾਂ ਦੀ ਸੰਖਿਆ ਵੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਲਾਗ ਅਤੇ ਮ੍ਰਿਤਕਾਂ ਦੀ ਸੰਖਿਆ ਘੱਟ ਹੋਣ ਦੀ ਵਜ੍ਹਾ ਜ਼ਿਆਦਾ ਲੋਕਾਂ ਦੇ ਮਾਸਕ ਪਾਉਣ ਅਤੇ ਟੀਕਾ ਲਗਵਾਉਣਾ ਹੈ। ਉਥੇ ਹੀ ਦਵਾਈ ਕੰਪਨੀ ਮਰਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਕੋਵਿਡ-19 ਨਾਲ ਪੀੜਤ ਲੋਕਾਂ ਦੇ ਲਈ ਪ੍ਰਯੋਗਾਤਮਕ ਗੋਲੀ ਨੇ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਸੰਖਿਆ ਅੱਧੀ ਕਰ ਦਿੱਤੀ। ਜੇਕਰ ਇਸ ਨੂੰ ਡਰੱਗ ਰੈਗੂਲੇਟਰਾਂ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਕੋਰੋਨਾ ਵਾਇਰਸ ਦਾ ਇਲਾਜ਼ ਕਰਨ ਵਿਚ ਕਾਰਗਰ ਪਹਿਲੀ ਦਵਾਈ ਹੋਵੇਗੀ। ਸਰਕਾਰ ਦੇ ਚੋਟੀ ਦੇ ਛੂਤ ਦੇ ਰੋਗਾਂ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਕੁੱਝ ਲੋਕ ਟੀਕਾ ਨਾ ਲਗਵਾਉਣ ਦੀ ਵਜ੍ਹਾ ਦੇ ਤੌਰ ’ਤੇ ਕੁੱਝ ਉਤਸ਼ਾਹਜਨਕ ਰੁਝਾਨਾਂ ਨੂੰ ਦੇਖ ਸਕਦੇ ਹਨ। ਉਨ੍ਹਾਂ ਕਿਹਾ, ‘ਇਹ ਚੰਗੀ ਖ਼ਬਰ ਹੈ ਕਿ ਲਾਗ ਦੇ ਮਾਮਲੇ ਘੱਟ ਹੋ ਰਹੇ ਹਨ। ਇਹ ਟੀਕੇ ਦੀ ਖ਼ੁਰਾਕ ਲੈਣ ਦੀ ਜ਼ਰੂਰਤ ਦੇ ਮੁੱਦੇ ਤੋਂ ਬਚਣ ਦਾ ਬਹਾਨਾ ਨਹੀਂ ਹੈ।’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News