24 ਘੰਟਿਆਂ ਦੌਰਾਨ ਅਮਰੀਕਾ ''ਚ ਤਕਰੀਬਨ 2000 ਮੌਤਾਂ, ਘਰ-ਬਾਰ ਛੱਡਣ ਲੱਗੇ ਲੋਕ
Wednesday, Apr 08, 2020 - 05:11 PM (IST)
ਵਾਸ਼ਿੰਗਟਨ ਡੀ.ਸੀ.(ਏ.ਐਨ.ਆਈ.)- ਦੁਨੀਆ ਭਰ ਵਿਚ ਕੋਰੋਨਾਵਾਇਰਸ ਕਹਿਰ ਵਰ੍ਹਾ ਰਿਹਾ ਹੈ ਪਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਇਸ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ ਤਕਰੀਬਨ 2000 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਮੌਤਾਂ ਦੀ ਗਿਣਤੀ ਵਧ ਕੇ 12,844 ਹੋ ਗਈ ਹੈ ਤੇ ਇਸ ਨਾਲ ਦੇਸ਼ ਦੀ ਸਰਕਾਰ ਦੀ ਚਿੰਤਾ ਵਿਚ ਖਾਸਾ ਵਾਧਾ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਮਹਾਮਾਰੀ ਕਾਰਣ ਹੁਣ ਤੱਕ ਸਭ ਤੋਂ ਵਧੇਰੇ ਮੌਤਾਂ ਇਟਲੀ ਵਿਚ (17,127) ਤੇ ਸਪੇਨ 14,045 ਮੌਤਾਂ ਨਾਲ ਦੂਸਰੇ ਨੰਬਰ 'ਤੇ ਹੈ। ਸੰਯੁਕਤ ਰਾਜ ਅਮਰੀਕਾ ਇਸ ਵੇਲੇ ਇਸ ਜਾਨਲੇਵਾ ਬੀਮਾਰੀ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਦੇ ਸੂਬੇ ਨਿਊਯਾਰਕ ਵਿਚ 24 ਘੰਟਿਆਂ ਦੌਰਾਨ 731 ਨਵੀਂਆਂ ਮੌਤਾਂ ਹੋਈਆਂ ਹਨ। ਅਮਰੀਕਾ ਦੇ ਇਕੱਲੇ ਇਸੇ ਸ਼ਹਿਰ ਵਿਚ ਹੁਣ ਤੱਕ 5,489 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਹਨ। ਇਥੇ ਦੱਸਣਯੋਗ ਹੈ ਕਿ ਅਮਰੀਕਾ ਵਿਚ ਨਿਊਯਾਰਕ ਸੂਬਾ ਇਸ ਬੀਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਤੇ ਇਸ ਦੇ ਨਿਊਯਾਰਕ ਸਿਟੀ ਵਿਚ ਹੁਣ ਤੱਕ 74,601 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਨਿਊਯਾਰਕ ਸੂਬੇ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1,39,875 ਮਾਮਲੇ ਸਾਹਮਣੇ ਆ ਚੁੱਕੇ ਹਨ।
ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਕਿਹਾ ਕਿ ਉਹ ਕੋਰਨਾਵਾਇਰਸ ਦੇ ਮਾਮਲਿਆਂ ਤੇ ਹਸਪਤਾਲਾਂ ਵਿਚ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਚਿੰਤਤ ਹਨ। ਇਸ ਦੌਰਾਨ ਸੂਬੇ ਵਿਚੋਂ ਲੋਕ ਆਪਣੇ ਘਰ ਛੱਡਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੌਸਮ ਗਰਮ ਹੋ ਗਿਆ ਹੈ। ਲੋਕ ਇਕ ਮਹੀਨੇ ਤੋਂ ਆਪਣੇ ਘਰਾਂ ਵਿਚ ਬੰਦ ਹਨ। ਲੋਕ ਇਸ ਤੋਂ ਪਰੇਸ਼ਾਨ ਹੋ ਕੇ ਘਰਾਂ ਵਿਚੋਂ ਵੱਡੀ ਗਿਣਤੀ ਵਿਚ ਬਾਹਰ ਨਿਕਲ ਰਹੇ ਹਨ।