ਗੁਆਂਢੀਆਂ ਨੂੰ ਡਰਾਉਣ ਦੀ ਚੀਨ ਦੀ ਕੋਸ਼ਿਸ਼ ਤੋਂ ਅਮਰੀਕਾ ਚਿੰਤਤ
Wednesday, Jan 12, 2022 - 03:03 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ, ਭਾਰਤ ਸਮੇਤ ਆਪਣੇ ਗੁਆਂਢੀਆਂ ਨੂੰ ਡਰਾਉਣ ਦੀ ਚੀਨ ਦੀ ਕੋਸ਼ਿਸ਼ ਤੋਂ ਚਿੰਤਤ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਦਾ ਮੰਨਣਾ ਹੈ ਕਿ ਖੇਤਰ ਅਤੇ ਦੁਨੀਆ ਭਰ ਵਿਚ ਚੀਨ ਦਾ ਵਿਵਹਾਰ ‘ਅਸਥਿਰ ਕਰਨ ਵਾਲਾ’ ਹੋ ਸਕਦਾ ਹੈ। ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਆਪਣੇ ਸਾਂਝੇਦਾਰਾਂ ਨਾਲ ਖੜ੍ਹਾ ਰਹਿਣਾ ਜਾਰੀ ਰੱਖੇਗਾ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਇਹ ਟਿੱਪਣੀ ਪੂਰਬੀ ਲੱਦਾਖ ਵਿਚ 20 ਮਹੀਨਿਆਂ ਤੋਂ ਚੱਲ ਰਹੇ ਵਿਵਾਦ ’ਤੇ ਭਾਰਤ ਅਤੇ ਚੀਨ ਵਿਚਾਲੇ ਫੌਜੀ ਪੱਧਰ ਦੀ 14ਵੇਂ ਦੌਰ ਦੀ ਗੱਲਬਾਤ ਦਰਮਿਆਨ ਆਈ ਹੈ। ਭਾਰਤ ਦੇ ਨਾਲ ਲੱਗਣ ਵਾਲੀ ਸਰਹੱਦ ’ਤੇ ਚੀਨ ਦੇ ਹਮਲਾਵਰ ਵਤੀਰੇ ਬਾਰੇ ਅਤੇ ਚੀਨ ਦੇ ਨਾਲ ਅਮਰੀਕਾ ਦੀ ਗੱਲਬਾਤ ’ਤੇ ਬੀਜਿੰਗ ਨੂੰ ਕੋਈ ਸੰਦੇਸ਼ ਭੇਜਣ ਦੌਰਾਨ ਇਸ ਵਿਸ਼ੇ ਨੂੰ ਉਠਾਇਆ ਗਿਆ ਜਾਂ ਨਹੀਂ, ਇਹ ਪੁੱਛੇ ਜਾਣ ’ਤੇ ਸਾਕੀ ਨੇ ਸੋਮਵਾਰ ਨੂੰ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਅਮਰੀਕਾ ਸਥਿਤੀ ਦੀ ਬਰੀਕੀ ਤੋਂ ਨਿਗਰਾਨੀ ਕਰ ਰਿਹਾ ਹੈ।