ਅਗਲੇ ਕੁਝ ਹਫਤਿਆਂ ''ਚ ਹੋ ਸਕਦੈ ਅਮਰੀਕਾ-ਚੀਨ ਵਪਾਰ ਸਮਝੌਤਾ : ਟਰੰਪ
Friday, Apr 05, 2019 - 08:17 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਚੀਨ ਨਾਲ ਵਪਾਰ ਸਮਝੌਤਾ ਹੁਣ ਬਹੁਤ ਨੇੜੇ ਹੈ ਅਤੇ ਅਗਲੇ 4 ਹਫਤਿਆਂ 'ਚ ਬੇਹੱਦ ਖਾਸ ਐਲਾਨ ਕੀਤਾ ਜਾ ਸਕਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਇਸ ਬਾਰੇ 'ਚ ਕਿਹਾ ਕਿ ਦੋਹਾਂ ਪੱਖਾਂ ਨੇ ਬੇਹੱਦ ਅਹਿਮ ਤਰੱਕੀ ਦਰਜ ਕੀਤੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਜਿਨਪਿੰਗ ਨਾਲ ਸ਼ਿਖਰ ਸੰਮੇਲਨ ਉਦੋਂ ਹੋ ਸਕਦਾ ਹੈ ਜਦੋਂ ਦੋਵੇਂ ਦੇਸ਼ ਕਿਸੇ ਸੌਦੇ 'ਤੇ ਸਹਿਮਤ ਹੋ ਜਾਣ।
ਦੋਵੇਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਇਥੇ ਕਿਸ ਸੌਦੇ 'ਤੇ ਪਹੁੰਚਣ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਬੀਜ਼ਿੰਗ 'ਚ ਮੁਲਾਕਾਤ ਕੀਤੀ ਸੀ। ਟਰੰਪ ਨੇ ਚੀਨ ਦੇ ਉਪ ਪ੍ਰਧਾਨ ਮੰਤਰੀ ਲਿਓ ਹੀ ਨਾਲ ਮਿਲਣ ਤੋਂ ਬਾਅਦ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਮਝੌਤਾ ਜਲਦੀ ਹੀ ਸਾਹਮਣੇ ਆਉਣ ਵਾਲਾ ਹੈ। ਅਸੀਂ ਅਗਲੇ 4 ਹਫਤਿਆਂ 'ਚ ਇਸ ਤੋਂ ਜਾਣੂ ਹੋ ਜਾਵਾਂਗੇ। ਇਸ 'ਚ ਉਸ ਤੋਂ ਬਾਅਦ 2 ਹੋਰ ਹਫਤੇ ਦਾ ਸਮਾਂ ਲੱਗ ਸਕਦਾ ਹੈ ਪਰ ਮੈਨੂੰ ਸੱਚ 'ਚ ਲੱਗਦਾ ਹੈ ਕਿ ਆਉਣ ਵਾਲੇ ਕੁਝ ਹੀ ਸਮੇਂ 'ਚ ਸਾਨੂੰ ਪਤਾ ਲੱਗ ਜਾਵੇਗਾ। ਲਿਓ ਹੀ ਨੇ ਜਿਨਪਿੰਗ ਦਾ ਸੰਦੇਸ਼ ਪੜ੍ਹਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸੌਦੇ ਨੂੰ ਲੈ ਕੇ ਤਰੱਕੀ ਹੋਈ ਹੈ। ਜਿਨਪਿੰਗ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਪਿਛਲੇ ਇਕ ਮਹੀਨੇ 'ਚ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਲੈ ਕੇ ਸਹਿਮਤੀ 'ਤੇ ਪਹੁੰਚਣ ਦੀ ਦਿਸ਼ਾ 'ਚ ਅਹਿਮ ਤਰੱਕੀ ਹੋਈ ਹੈ।