ਅਮਰੀਕਾ ਨੇ ਸਾਬਕਾ ਤਾਲਿਬਾਨ ਕਮਾਂਡਰ ਨਜੀਬੁੱਲ੍ਹਾ ’ਤੇ ਅਮਰੀਕੀ ਫੌਜੀਆਂ ਦੀ ਹੱਤਿਆ ਦੇ ਦੋਸ਼ ਕੀਤੇ ਤੈਅ
Friday, Oct 08, 2021 - 12:45 PM (IST)
ਵਾਸ਼ਿੰਗਟਨ– ਅਮਰੀਕਾ ਨੇ ਤਾਲਿਬਾਨ ਦੇ ਇਕ ਸਾਬਕਾ ਕਮਾਂਡਰ ਹਾਜੀ ਨਜੀਬੁੱਲ੍ਹਾ ’ਤੇ ਅਫਗਾਨਿਸਤਾਨ ’ਚ ਅਮਰੀਕੀ ਫੌਜੀਆਂ ਦੀ ਹੱਤਿਆ ਤੋਂ ਇਲਾਵਾ ਹੋਰ ਕਈ ਦੋਸ਼ ਲਗਾਏ ਹਨ। ਇਸ ਵਿਚ ਜੂਨ 2008 ’ਚ 3 ਫੌਜੀਆਂ ਦੀ ਹੱਤਿਆ ਵੀ ਸ਼ਾਮਲ ਹੈ। ਨਿਆਂ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਹਾਜੀ ਨਜੀਬੁੱਲ੍ਹਾ ’ਤੇ 2008 ’ਚ ਇਕ ਅਮਰੀਕੀ ਪੱਤਰਕਾਰ ਨੂੰ ਅਗਵਾ ਕਰਨ ਅਤੇ ਅਫਗਾਨਿਸਤਾਨ ’ਚ ਅਮਰੀਕੀ ਸੇਵਾ ਦੇ ਮੈਂਬਰਾਂ ’ਤੇ ਹਮਲਿਆਂ ਤੋਂ ਇਲਾਵਾ 3 ਅਮਰੀਕੀ ਫੌਜੀਆਂ ਅਤੇ ਉਨ੍ਹਾਂ ਦੇ ਅਫਗਾਨ ਦੁਭਾਸ਼ੀਆ ਦੀ ਹੱਤਿਆ ਦੇ ਦੋਸ਼ ਸ਼ਾਮਲ ਹਨ।
ਨਿਆਂ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ 2007 ’ਚ ਨਜੀਬੁੱਲ੍ਹਾ ਕਾਬੁਲ ਦੀ ਸਰਹੱਦ ਨਾਲ ਲੱਗੇ ਅਫਗਾਨਿਸਤਾਨ ਦੇ ਵਰਦਾਕ ਪ੍ਰਾਂਤ ’ਚ ਲਗਭਗ ਇਕ ਹਜ਼ਾਰ ਤਾਲਿਬਾਨ ਦਾ ਕਮਾਂਡਰ ਸੀ। 26 ਜੂਨ 2008 ਨੂੰ ਉਨ੍ਹਾਂ ਨੇ ਇਕ ਅਮਰੀਕੀ ਫੌਜ ਕਾਫਿਲੇ ’ਤ ਹਮਲਾ ਕੀਤਾ ਜਿਸ ਵਿਚ 3 ਅਮਰੀਕੀ ਹਵਲਦਾਰ ਅਤੇ ਉਨ੍ਹਾਂ ਦੇ ਅਫਗਾਨ ਦੁਭਾਸ਼ੀਏ ਦੀ ਮੌਤ ਹੋ ਗਈ। ਨਵੰਬਰ 2008 ’ਚ ਅਮਰੀਕੀ ਫੌਜੀਆਂ ’ਤੇ ਇਕ ਹੋਰ ਹਮਲੇ ਦੌਰਾਨ ਨਜੀਬੁੱਲ੍ਹਾ ਦੇ ਲੋਕਾਂ ਨੇ ਇਕ ਅਮਰੀਕੀ ਫੌਜੀ ਹੈਲੀਕਾਪਟਰ ਨੂੰ ਮਾਰ ਮੁਕਾਇਆ। ਹਮਲੇ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਤਾਲਿਬਾਨ ਦੇ ਇਸ ਦਾਅਵੇ ਦਾ ਖੰਡਨ ਕੀਤਾ ਕਿ ਹੈਲੀਕਾਪਟਰ ’ਚ ਸਵਾਰ ਸਾਰੇ ਲੋਕ ਮਾਰੇ ਗਏ।