ਹੜ੍ਹ ਕਾਰਨ ਅਮਰੀਕਾ-ਕੈਨੇਡਾ ਲਾਂਘਾ ਹੋਇਆ ਬੰਦ, ਜਨਜੀਵਨ ਪ੍ਰਭਾਵਿਤ (ਤਸਵੀਰਾਂ)
Thursday, Nov 18, 2021 - 11:05 AM (IST)
ਓਟਾਵਾ (ਬਿਊਰੋ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹ ਆ ਚੁੱਕਾ ਹੈ।ਇਸ ਹੜ੍ਹ ਕਾਰਨ ਐਬਟਸਫੋਰਡ ਨੇੜੇ ਕੈਨੇਡਾ-ਅਮਰੀਕਾ ਸਰਹੱਦ 'ਤੇ ਸਥਿਤ ਸੂਮਸ ਹਨਟਿੰਗਟਨ ਚੈਕ ਪੋਸਟ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਇਹ ਲਾਂਘਾ ਬੀਤੀ 8 ਨਵੰਬਰ ਨੂੰ ਤਕਰੀਬਨ ਡੇਢ ਸਾਲ ਬਾਅਦ ਖੋਲ੍ਹਿਆ ਗਿਆ ਸੀ। ਹੜ੍ਹ ਕਾਰਨ ਕੈਨੇਡਾ ਵਿਚ ਔਰਤ ਦੀ ਮੌਤ ਹੋ ਗਈ ਜਦਕਿ ਦੋ ਲਾਪਤਾ ਦੱਸੇ ਜਾ ਰਹੇ ਹਨ।
ਕੈਨੇਡਾ ਦਾ ਸਭ ਤੋਂ ਵੱਡਾ ਬੰਦਰਗਾਹ ਬੰਦ
ਮੀਂਹ ਦਾ ਪਾਣੀ ਭਰਨ ਨਾਲ ਕੈਨੇਡਾ ਸਭ ਤੋਂ ਵੱਡਾ ਬੰਦਰਗਾਹ ਅਤੇ 25 ਲੱਖ ਦੀ ਆਬਾਦੀ ਵਾਲਾ ਵੈਨਕੂਵਰ ਸ਼ਹਿਰ ਬੇਹਾਲ ਹੈ। ਇੱਥੇ ਹਰ ਪਾਸੇ ਪਾਣੀ ਭਰ ਗਿਆ ਹੈ। ਪਾਣੀ ਭਰਨ ਕਾਰਨ ਬੰਦਰਗਾਹ ਨੂੰ ਬੰਦ ਕਰ ਦਿੱਤਾ ਗਿਆ ਹੈ।ਬੰਦਰਗਾਹ ਦੇ ਬੁਲਾਰੇ ਮੈਟੀ ਪੌਲੀਕ੍ਰੋਨਿਸ ਨੇ ਕਿਹਾ,''ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਇਲਾਕਿਆਂ ਵਿਚ ਹੜ੍ਹ ਕਾਰਨ ਵੈਨਕੂਵਰ ਬੰਦਰਗਾਹ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।'' ਸ਼ਹਿਰਾਂ ਦਾ ਦੂਜੇ ਸ਼ਹਿਰਾਂ ਤੋਂ ਰੇਲ ਨੈੱਟਵਰਕ ਟੁੱਟ ਗਿਆ ਹੈ। ਹਵਾਈ ਅੱਡੇ 'ਤੇ ਵੀ ਪਾਣੀ ਜਮਾਂ ਹੋਣ ਕਾਰਨ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ।
ਦੋ ਦਿਨ ਵਿਚ ਹਾਈਵੇਅ 'ਤੇ ਗੱਡੀਆਂ ਵਿਚ ਫਸੇ ਹੋਏ 500 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ. ਹੜ੍ਹ ਨੇ ਗ੍ਰੇਟਰ ਵੈਨਕੂਵਰ ਖੇਤਰ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਕਈ ਹਾਈਵੇਅ ਬੰਦ ਕਰ ਦਿੱਤੇ ਹਨ।ਵੈਨਕੂਵਰ ਦਾ ਬੰਦਰਗਾਹ ਅਨਾਜ, ਕੋਲਾ ਆਟੋਮੋਬਾਇਲ ਅਤੇ ਬੁਨਿਆਦੀ ਵਸਤਾਂ ਸਮੇਤ ਰੋਜ਼ਾਨਾ ਕਰੀਬ 4500 ਕਰੋੜ ਰੁਪਏ ਦਾ ਮਾਲ ਦੀ ਢੋਆ-ਢੁਆਈ ਕਰਦਾ ਹੈ। ਤੂਫਾਨ ਨੇ ਦੁਨੀਆ ਦੇ ਸਭ ਤੋਂ ਵੱਡੇ ਅਨਾਜ ਉਤਪਾਦਕਾਂ ਵਿਚੋਂ ਇਕ ਕੈਨੇਡਾ ਤੋਂ ਕਣਕ ਅਤੇ ਕੈਨੋਲਾ ਦੀ ਆਵਾਜਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਸਥਿਤੀ ਕੰਟਰੋਲ ਹੋਣ ਵਿਚ ਕਿੰਨਾ ਸਮਾਂ ਲੱਗੇਗਾ।
ਪੜ੍ਹੋ ਇਹ ਅਹਿਮ ਖਬਰ -IS ਦਾ ਸਮਰਥਨ ਕਰਨ ਦੀ ਕੋਸ਼ਿਸ਼ 'ਚ ਅਮਰੀਕੀ ਵਿਅਕਤੀ ਨੂੰ ਸੁਣਾਈ ਗਈ 30 ਸਾਲ ਦੀ ਸਜ਼ਾ
ਬ੍ਰਿਟਿਸ਼ ਕੋਲੰਬੀਆ ਵਿਚ ਆਏ ਹੜ੍ਹ ਅਤੇ ਤੇਜ਼ ਤੂਫ਼ਾਨ ਕਾਰਨ ਜਿੱਥੇ ਭਾਰੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਲਿਲਓਟ ਨੇੜੇ ਮਿੱਟੀ ਖਿਸਕਣ ਨਾਲ ਇਕ ਔਰਤ ਦੀ ਮੌਤ ਹੋ ਗਈ। ਸੂਬੇ ਵਿਚ 1 ਲੱਖ 26 ਹਜ਼ਾਰ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਸੂਮਸ ਪ੍ਰੇਰੀ ਇਲਾਕੇ ਵਿਚ 3 ਫੁੱਟ ਪਾਣੀ ਸੈਂਕੜੇ ਘਰਾਂ ਵਿਚ ਦਾਖਲ ਹੋ ਚੁੱਕਾ ਹੈ ਜਿਸ ਕਾਰਨ 1100 ਲੋਕਾਂ ਨੂੰ ਹੈਲੀਕਾਪਟਰਾਂ ਤੇ ਕਿਸ਼ਤੀਆਂ ਜ਼ਰੀਏ ਸੁਰੱਖਿਅਤ ਕੱਢਿਆ ਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।