ਅਮਰੀਕਾ ਨੇ ਪਾਕਿ ਦੀਆਂ 7 ਕੰਪਨੀਆਂ ''ਤੇ ਲਗਾਈ ਪਾਬੰਦੀ : ਰਿਪੋਰਟ

Monday, Mar 26, 2018 - 03:34 PM (IST)

ਇਸਲਾਮਾਬਾਦ (ਭਾਸ਼ਾ)— ਅਮਰੀਕਾ ਨੇ ਪਰਮਾਣੂ ਵਪਾਰ ਦੇ ਸ਼ੱਕ ਦੇ ਆਧਾਰ 'ਤੇ ਪਾਕਿਸਤਾਨ ਦੀਆਂ 7 ਕੰਪਨੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਦੇ ਪਰਮਾਣੂ ਸਪਲਾਇਰ ਗਰੁੱਪ (ਐੱਨ. ਐੱਸ. ਜੀ.) ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਘੱਟ ਗਈਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਸੋਮਵਾਰ ਨੂੰ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ ਹੈ। ਅਮਰੀਕਾ ਦੇ ਉਦਯੋਗ, ਵਣਜ ਅਤੇ ਸੁਰੱਖਿਆ ਬਿਊਰੋ ਮੁਤਾਬਕ ਇਨ੍ਹਾਂ ਕੰਪਨੀਆਂ 'ਤੇ 22 ਮਾਰਚ ਨੂੰ ਪਾਬੰਦੀ ਲਗਾਈ ਗਈ ਅਤੇ ਇਨ੍ਹਾਂ ਨੂੰ 'ਐੱਨ. ਟੀ. ਟੀ' ਲਿਸਟ ਵਿਚ ਪਾ ਦਿੱਤਾ ਗਿਆ। ਬਿਊਰੋ ਦੀ ਵੈਬਸਾਈਟ 'ਤੇ ਇਕ ਰਿਪੋਰਟ ਵਿਚ ਕਿਹਾ ਗਿਆ ਹੈ ,''ਅਮਰੀਕੀ ਸਰਕਾਰ ਨੇ ਇਨ੍ਹਾਂ ਕੰਪਨੀਆਂ ਨੂੰ ਆਪਣੇ ਰਾਸ਼ਟਰੀ ਹਿੱਤਾਂ ਅਤੇ ਵਿਦੇਸ਼ ਨੀਤੀ ਵਿਰੁੱਧ ਕੰਮ ਕਰਦੇ ਪਾਇਆ ਹੈ।'' ਵਣਜ ਮੰਤਰਾਲੇ ਦੀ ਇਸ ਸੂਚੀ ਵਿਚ ਸ਼ਾਮਲ ਕੰਪਨੀਆਂ ਦੀਆਂ ਸੰਪੱਤੀਆਂ ਜ਼ਬਤ ਨਹੀਂ ਕੀਤੀਆਂ ਜਾਂਦੀਆਂ ਹਨ ਪਰ ਅਮਰੀਕੀ ਕੰਪਨੀਆਂ ਦੇ ਨਾਲ ਕੰਮ ਕਰਨ ਵਾਲੀਆਂ ਅਜਿਹੀਆਂ ਕੰਪਨੀਆਂ ਨੂੰ ਭੱਵਿਖ ਵਿਚ ਆਪਣੇ ਕਾਰੋਬਾਰ ਲਈ ਵਿਸ਼ੇਸ਼ ਲਾਈਸੈਂਸ ਲੈਣਾ ਲਾਜ਼ਮੀ ਹੋਵੇਗਾ। ਇਹ ਕੰਪਨੀਆਂ ਜ਼ਿਆਦਾ ਮਸ਼ੂਹਰ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਵੱਲੋਂ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ। 
ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਅਧਿਕਾਰੀਆਂ 'ਤੇ ਗੁਪਤ ਪਰਮਾਣੂ ਜਾਣਕਾਰੀ ਉੱਤਰੀ ਕੋਰੀਆ ਨੂੰ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਪਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਪਾਕਿਸਤਾਨੀ ਪਰਮਾਣੂ ਪ੍ਰੋਗਰਾਮ ਦੇ ਪ੍ਰਬੰਧਕ ਮੰਨੇ ਜਾਣ ਵਾਲੇ ਵਿਗਿਆਨੀ ਅਬਦੁੱਲ ਕਾਦਿਰ ਖਾਨ ਨੇ ਸਾਲ 2004 ਵਿਚ ਕਿਹਾ ਸੀ ਕਿ ਉਨ੍ਹਾਂ ਨੇ ਪਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਉੱਤਰੀ ਕੋਰੀਆਂ ਨੂੰ ਵੇਚੀਆਂ ਹਨ। ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸਮੁਹ ਨੇ ਸਾਲ 2008 ਵਿਚ ਕਿਹਾ ਸੀ ਕਿ ਖਾਨ ਦਾ ਨੈੱਟਵਰਕ 12 ਦੇਸ਼ਾਂ ਵਿਚ ਸਰਗਰਮ ਸੀ ਅਤੇ ਇਸ ਜ਼ਰੀਏ ਈਰਾਨ, ਲੀਬੀਆ ਅਤੇ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਦੇ ਬਲੂਪ੍ਰਿੰਟ ਦੀ ਤਸਕਰੀ ਕੀਤੀ ਗਈ ਹੈ। ਪਾਕਿਸਤਾਨ ਨੇ ਸਾਲ 2016 ਵਿਚ ਪਰਮਾਣੂ ਸਪਲਾਇਰ ਸਮੂਹ ਵਿਚ ਸ਼ਾਮਲ ਹੋਣ ਲਈ ਐਪਲੀਕੇਸ਼ਨ ਦਿੱਤੀ ਸੀ ਪਰ ਇਸ ਮਾਮਲੇ ਵਿਚ ਕੋਈ ਖਾਸ ਤਰੱਕੀ ਨਹੀਂ ਹੋਈ ਹੈ।


Related News