ਅਮਰੀਕਾ ਨੇ ''ਐਸਟ੍ਰਾਜ਼ੇਨੇਕਾ'' ਦੀ ਐਂਟੀਬਾਡੀ ਦਵਾਈ ਨੂੰ ਦਿੱਤੀ ਮਨਜ਼ੂਰੀ
Thursday, Dec 09, 2021 - 10:21 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸੰਘੀ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਗੰਭੀਰ ਸਿਹਤ ਸਮੱਸਿਆਵਾਂ ਜਾਂ ਐਲਰਜੀ ਵਾਲੇ ਲੋਕਾਂ ਲਈ ਕੋਵਿਡ-19 ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਬਣਾਉਣ ਵਾਲੀ ਇਕ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੂੰ ਟੀਕਾਕਰਨ ਤੋਂ ਲੋੜੀਂਦੀ ਸੁਰੱਖਿਆ ਨਹੀਂ ਮਿਲ ਸਕਦੀ ਹੈ। ਪਿਛਲੇ ਇੱਕ ਸਾਲ ਤੋਂ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣਾ ਇੱਕ ਮਿਆਰੀ ਇਲਾਜ ਰਿਹਾ ਹੈ। ਹਾਲਾਂਕਿ, ਬੁੱਧਵਾਰ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਦੁਆਰਾ ਮਨਜ਼ੂਰ ਐਂਟੀਬਾਡੀ ਡਰੱਗ 'ਐਸਟ੍ਰਾਜ਼ੇਨੇਕਾ' ਵੱਖਰੀ ਹੈ। ਇਹ ਪਹਿਲੀ ਅਜਿਹੀ ਦਵਾਈ ਹੈ ਜੋ ਲਾਗ ਤੋਂ ਲੰਬੇ ਸਮੇਂ ਲਈ ਸੁਰੱਖਿਆ ਪ੍ਰਦਾਨ ਕਰੇਗੀ ਨਾ ਕਿ ਸਿਰਫ ਥੋੜ੍ਹੇ ਸਮੇਂ ਲਈ।
ਕੈਂਸਰ ਦੇ ਮਰੀਜ਼, ਅੰਗ ਟਰਾਂਸਪਲਾਂਟ ਕਰਾਉਣ ਵਾਲੇ, ਗਠੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕ ਇਹ ਦਵਾਈ ਲੈ ਸਕਦੇ ਹਨ। ਸਿਹਤ ਮਾਹਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਅਮਰੀਕਾ ਦੀ ਦੋ ਤੋਂ ਤਿੰਨ ਪ੍ਰਤੀਸ਼ਤ ਆਬਾਦੀ ਇਸ ਸ਼੍ਰੇਣੀ ਵਿੱਚ ਆਉਂਦੀ ਹੈ। ਘੋਸ਼ਣਾ ਤੋਂ ਪਹਿਲਾਂ, ਮਿਨੀਸੋਟਾ ਯੂਨੀਵਰਸਿਟੀ ਦੇ ਡਾਕਟਰ ਡੇਵਿਡ ਬੋਲਵੇਅਰ ਨੇ ਕਿਹਾ ਕਿ ਇਹ ਲੋਕ ਅਜੇ ਵੀ ਬਾਹਰ ਨਹੀਂ ਨਿਕਲ ਪਾ ਰਹੇ ਕਿਉਂਕਿ ਉਨ੍ਹਾਂ ਨੂੰ ਲਾਗ ਲੱਗਣ ਜਾਂ ਇਸ ਨਾਲ ਮਰਨ ਦਾ ਉੱਚ ਜੋਖਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਨਾਲ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਇੱਕ ਵਾਰ ਫਿਰ ਤੋਂ ਆਪਣੀ ਆਮ ਰੁਟੀਨ ਵਿੱਚ ਵਾਪਸ ਆ ਸਕਣਗੇ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦਾ ਖ਼ੌਫ : ਆਸਟ੍ਰੇਲੀਆ ਨੇ ਬੂਸਟਰ ਡੋਜ਼ ਲਈ 'ਮੋਡਰਨਾ' ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਐੱਫ.ਡੀ.ਏ. ਦੁਆਰਾ ਐਸਟ੍ਰਾਜ਼ੇਨੇਕਾ ਦੀ ਜਿਹੜੀ ਐਂਟੀਬਾਡੀ ਦਵਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਸ ਦਾ ਨਾਂ 'ਈਵੁਸ਼ੇਲਡ' ਹੈ। ਇਹ ਦਵਾਈ ਬਾਲਗਾਂ ਅਤੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈ ਜਿਨ੍ਹਾਂ ਦੇ ਸਰੀਰ ਨੇ ਐਂਟੀ-ਕੋਵਿਡ-19 ਵੈਕਸੀਨ ਲੈਣ ਤੋਂ ਬਾਅਦ ਲੋੜੀਂਦੀ ਪ੍ਰਤੀਰੋਧਕ ਸ਼ਕਤੀ ਵਿਕਸਿਤ ਨਹੀਂ ਕੀਤੀ ਹੈ ਜਾਂ ਜਿਨ੍ਹਾਂ ਨੂੰ ਵੈਕਸੀਨ ਪ੍ਰਤੀ ਗੰਭੀਰ ਐਲਰਜੀ ਵਾਲੀ ਪ੍ਰਤੀਕਿਰਿਆ ਹੁੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।