ਅਮਰੀਕਾ ''ਚ ਮਾਰਚ ਦੇ ਬਾਅਦ ਹਵਾਈ ਅੱਡਿਆਂ ''ਤੇ ਪਰਤੀ ਰੌਣਕ

Wednesday, Oct 21, 2020 - 04:25 PM (IST)

ਅਮਰੀਕਾ ''ਚ ਮਾਰਚ ਦੇ ਬਾਅਦ ਹਵਾਈ ਅੱਡਿਆਂ ''ਤੇ ਪਰਤੀ ਰੌਣਕ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਲੱਖਾਂ ਹੀ ਯਾਤਰੀ ਹਰ ਰੋਜ਼ ਹਵਾਈ ਸਫਰ ਕਰਦੇ ਹਨ ਪਰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਹਵਾਈ ਯਾਤਰਾ ਵਿਚ ਵਿਘਨ ਪੈ ਗਿਆ ਸੀ। ਇਸ ਸਫਰ ਨੂੰ ਹੁਣ ਕਾਫੀ ਅਰਸੇ ਬਾਅਦ ਯਾਤਰੀਆਂ ਨੇ ਫਿਰ ਸ਼ੁਰੂ ਕਰ ਲਿਆ ਹੈ। ਅਮਰੀਕਾ ਦੇ ਆਵਾਜਾਈ ਸੁਰੱਖਿਆ ਪ੍ਰਬੰਧਨ (ਟੀ. ਐੱਸ. ਏ.) ਨੇ ਦੱਸਿਆ ਕਿ ਮਾਰਚ ਤੋਂ ਬਾਅਦ ਪਹਿਲੀ ਵਾਰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਐਤਵਾਰ ਨੂੰ ਹਵਾਈ ਜਹਾਜ਼ਾਂ ‘ਤੇ ਯਾਤਰਾ ਕੀਤੀ ਹੈ। 

ਟੀ. ਐੱਸ. ਏ. ਨੇ ਸੋਮਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਇਸ ਨੇ ਐਤਵਾਰ ਨੂੰ 10 ਲੱਖ ਤੋਂ ਵੱਧ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਹੈ ਜੋ ਕਿ 17 ਮਾਰਚ ਤੋਂ ਬਾਅਦ ਸਭ ਤੋਂ ਵੱਧ ਯਾਤਰੀਆਂ ਦੀ ਗਿਣਤੀ ਹੈ।ਇੰਨਾ ਹੀ ਨਹੀਂ ਸੋਮਵਾਰ 12 ਅਕਤੂਬਰ ਤੋਂ ਲੈ ਕੇ ਐਤਵਾਰ ਤੱਕ ਇੱਕ ਹਫ਼ਤੇ ਦੌਰਾਨ 6.1 ਮਿਲੀਅਨ ਤੋਂ ਵੀ ਵੱਧ ਲੋਕ ਚੈੱਕ ਪੁਆਇੰਟ ਵਿੱਚੋਂ ਲੰਘੇ ਹਨ। ਟੀ. ਐੱਸ. ਏ. ਦੇ ਅੰਕੜਿਆਂ ਅਨੁਸਾਰ ਅਪ੍ਰੈਲ ਦੌਰਾਨ 100,000 ਤੋਂ ਵੀ ਘੱਟ ਲੋਕਾਂ ਨੇ ਉਡਾਣ ਭਰੀ ਸੀ, ਜਿਸ ਨਾਲ ਕਿ 1960 ਦੇ ਆਰੰਭ ਅਤੇ 9/11 ਤੋਂ ਬਾਅਦ ਹੁਣ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹਵਾਈ ਯਾਤਰਾ ਵਿਚ ਰਿਕਾਰਡ ਘਾਟਾ ਵੇਖਿਆ ਗਿਆ ਹੈ। ਟੀ. ਐੱਸ. ਏ. ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਅਜੇ ਵੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੈ ਪਰ ਇਕ ਦਿਨ ਵਿਚ ਇਕ ਮਿਲੀਅਨ ਯਾਤਰੀਆਂ ਦੀ ਗਿਣਤੀ ਮਹੱਤਵਪੂਰਨ ਹੈ।


author

Lalita Mam

Content Editor

Related News