ਮਹਿਲਾ ਨੇ ਹਿਰਨਾਂ ਦੇ ਇਕ ਸਮੂਹ ਨੂੰ ਖਵਾਏ ਫਲ, ਲੱਗਾ ਭਾਰੀ ਜ਼ੁਰਮਾਨਾ

02/12/2020 12:36:35 PM

ਵਾਸ਼ਿੰਗਟਨ (ਬਿਊਰੋ): ਅਕਸਰ ਸਾਨੂੰ ਜਾਨਵਰਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਮਰੀਕਾ ਦੇ ਕੋਲੋਰਾਡੋ ਦੀ ਇਕ ਮਹਿਲਾ ਨੂੰ ਹਿਰਨਾਂ ਪ੍ਰਤੀ ਦਇਆ ਦਿਖਾਉਣੀ ਮਹਿੰਗੀ ਪੈ ਗਈ ਅਤੇ ਇਸ ਦੇ ਬਦਲੇ ਉਸ 'ਤੇ ਭਾਰੀ ਜ਼ੁਰਮਾਨਾ ਲਗਾਇਆ ਗਿਆ। ਅਸਲ ਵਿਚ ਮਹਿਲਾ ਨੇ ਘਰ ਦੇ ਨੇੜੇ ਆਏ 3 ਹਿਰਨਾਂ ਨੂੰ ਘਰ ਦੇ ਅੰਦਰ ਬੁਲਾਇਆ ਅਤੇ ਲਿਵਿੰਗ ਰੂਮ ਤੱਕ ਲੈ ਗਈ। ਇਸ ਦੇ ਬਾਅਦ ਮਹਿਲਾ ਨੇ ਹਿਰਨਾਂ ਨੂੰ ਬ੍ਰੈੱਡ, ਕੇਲਾ, ਕੱਟਿਆ ਹੋਇਆ ਸੇਬ, ਗਾਜਰ ਅਤੇ ਫਲ ਦਿੱਤੇ। ਭੁੱਖੇ ਹਿਰਨਾਂ ਨੇ ਇਹਨਾਂ ਨੂੰ ਖਾ ਲਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਜਦੋਂ ਇਸ ਘਟਨਾ ਦੀ ਜਾਣਕਾਰੀ ਪਾਰਕ ਅਤੇ ਜੰਗਲਾਤ ਅਧਿਕਾਰੀਆਂ ਨੂੰ ਮਿਲੀ ਤਾਂ ਉਹਨਾਂ ਨੇ ਮਹਿਲਾ 'ਤੇ ਕਰੀਬ 39,172 ਹਜ਼ਾਰ ਰੁਪਏ (550 ਡਾਲਰ) ਦਾ ਜ਼ੁਰਮਾਨਾ ਲਗਾ ਦਿੱਤਾ।

 

ਕੋਲੋਰਾਡੋ ਪਾਰਕ ਐਂਡ ਵਾਈਲਡਲਾਈਫਜ਼ ਨੌਰਥ-ਈਸਟ ਰੀਜ਼ਨ ਦੇ ਜੰਗਲਾਤ ਅਧਿਕਾਰੀਆਂ ਦਾ ਕਹਿਣਾ ਹੈ,''ਕੋਲੋਰਾਡੋ ਵਿਚ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾਉਣਾ ਗੈਰ ਕਾਨੂੰਨੀ ਹੈ। ਮਹਿਲਾ ਨੇ ਜੰਗਲੀ ਜੀਵਾਂ ਦੀਆਂ ਕੁਦਰਤੀ ਆਦਤਾਂ ਨਾਲ ਛੇੜਛਾੜ ਕੀਤੀ ਹੈ। ਉਹ ਫਲ ਅਤੇ ਬ੍ਰੈੱਡ ਖਾਣ ਦੇ ਆਦੀ ਨਹੀਂ ਹਨ। ਜੇਕਰ ਹਿਰਨਾਂ ਦਾ ਸਮੂਹ ਦਰਵਾਜੇ ਤੱਕ ਆਇਆ ਵੀ ਤਾਂ ਉਹਨਾਂ ਨੂੰ ਇਕੱਲੇ ਛੱਡ ਦੇਣਾ ਚਾਹੀਦਾ ਸੀ।'' ਜ਼ੁਰਮਾਨਾ ਲੱਗਣ 'ਤੇ ਲੋਰੀ ਡਿਕਸ਼ਨ ਨੇ ਕਿਹਾ,''ਮੈਂ ਕਈ ਸਾਲਾਂ ਤੋਂ ਵੈਟਰਨਰੀ ਟੈਕਨੀਸ਼ੀਅਨ ਹਾਂ ਅਤੇ ਕਈ ਜਾਨਵਰਾਂ ਦੇ ਨਾਲ ਆਸਾਨੀ ਨਾਲ ਕੰਮ ਕਰ ਚੁੱਕੀ ਹਾਂ। ਜੇਕਰ ਉਹ ਸਾਡੇ ਕੋਲ ਆਉਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ। ਇਸੇ ਲਈ ਮੈਂ ਹਿਰਨਾਂ ਨੂੰ ਫਲ ਖਵਾਏ ਸਨ।''

ਕੋਲੋਰਾਡੋ ਪਾਰਕ ਐਂਡ ਵਾਈਲਡਲਾਈਫਜ਼ ਨੌਰਥ-ਈਸਟ ਰੀਜ਼ਨ ਦੀ ਜ਼ਿਲਾ ਪ੍ਰਬੰਧਕ ਟ੍ਰੀਨੀ ਲਿੰਚ ਨੇ ਕਿਹਾ,'' ਸਰਦੀਆਂ ਦੇ ਦੌਰਾਨ ਹਿਰਨ ਅਕਸਰ ਘਰਾਂ ਦੇ ਨੇੜੇ ਆ ਜਾਂਦੇ ਹਨ। ਸਾਨੂੰ ਲੱਗਦਾ ਹੈ ਕਿ ਉਹ ਭੋਜਨ ਮਿਲਣ ਦੀ ਆਸ ਵਿਚ ਘਰਾਂ ਦੇ ਨੇੜੇ ਭਟਕਦੇ ਹਨ। ਅਸਲ ਵਿਚ ਉਹ ਭੋਜਨ ਲੱਭਣ ਦੀਆਂ ਆਪਣੀਆਂ ਕੁਦਰਤੀ ਆਦਤਾਂ ਦੇ ਕਾਰਨ ਘੁੰਮਦੇ ਹਨ। ਲੋਕਾਂ ਵੱਲੋਂ ਖਵਾਇਆ ਗਿਆ ਖਾਣਾ ਉਹਨਾਂ ਨੂੰ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਹਿਰਨ ਆਪਣਾ ਭੋਜਨ ਨਾ ਲੱਭ ਪੈਣ। ਭਾਵੇਂਕਿ ਜ਼ਿਆਦਾ ਠੰਡ ਵਿਚ ਕਦੇ-ਕਦੇ ਅਜਿਹੀ ਸਥਿਤੀ ਬਣਦੀ ਹੈ। ਇਸ ਲਈ ਜੰਗਲਾਤ ਵਿਭਾਗ ਉਹਨਾਂ ਦੀਆਂ ਲੋੜਾਂ ਲਈ ਕੁਦਰਤੀ ਭੋਜਨ ਦੀ ਵਿਵਸਥਾ ਕਰਦਾ ਹੈ ਪਰ ਉਹਨਾਂ ਨੂੰ ਇਨਸਾਨਾਂ ਦਾ ਖਾਣਾ ਨਹੀਂ ਦਿੱਤਾ ਜਾਣਾ ਚਾਹੀਦਾ।''


Vandana

Content Editor

Related News