ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਮਿਆਂਮਾਰ ਸੈਨਾ ''ਤੇ ਪਾਬੰਦੀਆਂ ਦਾ ਕੀਤਾ ਐਲਾਨ
Tuesday, May 18, 2021 - 06:29 PM (IST)
ਇੰਟਰਨੈਸ਼ਨਲ ਡੈਸਕ (ਭਾਸ਼ਾ): ਮਿਆਂਮਾਰ ਵਿਚ ਫਰਵਰੀ ਤੋਂ ਤਖ਼ਤਾਪਲਟ ਦਾ ਵਿਰੋਧ ਕਰ ਰਹੇ ਨਾਗਰਿਕਾਂ ਦੇ ਲਗਾਤਾਰ ਸ਼ੋਸ਼ਣ ਨੂੰ ਦੇਖਦੇ ਹੋਏ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਨਵੇਂ ਕਦਮਾਂ ਦੇ ਤਹਿਤ ਮਿਆਂਮਾਰ ਦੀ ਸੈਨਾ 'ਤੇ ਵਾਧੂ ਪਾਬੰਦੀਆਂ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਨੇ ਮਿਆਂਮਾਰ ਦੀ ਪ੍ਰਬੰਧਕੀ ਬੌਡੀ ਅਤੇ ਉੱਚ ਅਹੁਦਿਆਂ ਵਾਲੇ ਅਧਿਕਾਰੀਆਂ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਅਮਰੀਕਾ ਨੇ ਕਿਹਾ ਕਿ ਮਿਆਂਮਾਰ ਦੀ ਸੈਨਾ ਵੱਲੋਂ ਨਿਯੁਕਤ ਰਾਜ ਪ੍ਰਬੰਧਕੀ ਪਰੀਸ਼ਦ ਅਤੇ ਪਰੀਸ਼ਦ ਦੇ ਕੁਝ ਮੈਂਬਰਾਂ ਸਮੇਤ 16 ਲੋਕ ਅਮਰੀਕਾ ਵਿਚ ਜਾਇਦਾਦ ਫ੍ਰੀਜ਼ ਦੇ ਅਧੀਨ ਹੋਣਗੇ। ਐੱਨ.ਐੱਚ.ਕੇ. ਵਰਲਡ ਮੁਤਾਬਕ ਉਹਨਾਂ ਨੂੰ ਅਮਰੀਕੀ ਨਾਗਰਿਕਾਂ ਦੇ ਨਾਲ ਲੈਣ-ਦੇਣ ਕਰਨ ਤੋਂ ਵੀ ਰੋਕ ਦਿੱਤਾ ਗਿਆ।
ਬ੍ਰਿਟੇਨ ਅਤੇ ਕੈਨੇਡਾ ਨੇ ਵੀ ਲਗਾਈਆਂ ਪਾਬੰਦੀਆਂ
ਉੱਧਰ ਬ੍ਰਿਟੇਨ ਨੇ ਮਿਆਂਮਾਰ ਸੈਨਾ ਦੇ ਕੰਟਰੋਲ ਵਾਲੀ ਜੇਮਜ਼ ਐਂਟਰਪ੍ਰਾਈਜ਼ ਦੇ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਘੋਸ਼ਣਾ ਕੀਤੀ। ਕੈਨੇਡਾ ਨੇ ਸੈਨਾ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਵਾਧੂ ਪਾਬੰਦੀਆ ਲਗਾਈਆਂ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਕ ਬਿਆਨ ਵਿਚ ਕਿਹਾ ਕਿ ਤਿੰਨੇ ਦੇਸ਼ਾਂ ਵੱਲੋਂ ਕੀਤੀ ਗਈ ਕਾਰਵਾਈ ਮਿਆਂਮਾਰ ਸ਼ਾਸਨ 'ਤੇ ਰਾਜਨੀਤਕ ਅਤੇ ਵਿੱਤੀ ਦਬਾਅ ਲਾਗੂ ਕਰਨ ਦੇ ਉਹਨਾਂ ਦੇ ਸੰਕਲਪ ਨੂੰ ਰੇਖਾਂਕਿਤ ਕਰਦੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮਿਆਂਮਾਰ ਸੈਨਾ ਹਿੰਸਾ ਨੂੰ ਰੋਕਣ ਅਤੇ ਨਾਗਰਿਕਾਂ ਦੀ ਇੱਛਾ ਦਾ ਸਨਮਾਨ ਕਰਨ ਲਈ ਸਾਰਥਕ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਪਾਬੰਦੀਆਂ ਦਾ ਦੌਰ ਜਾਰੀ ਰਹੇਗਾ।
ਪੜ੍ਹੋ ਇਹ ਅਹਿਮ ਖਬਰ - ਭਾਰਤ ਨੂੰ ਅਰਬਾਂ ਡਾਲਰ ਦਾ ਝਟਕਾ, ਈਰਾਨ-ਚੀਨ ਵਿਚਾਲੇ ਹੋਇਆ ਵੱਡਾ ਵਪਾਰਕ ਸਮਝੌਤਾ
ਇਸ ਤੋਂ ਪਹਿਲਾਂ ਐਤਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਮਿਆਂਮਾਰ ਦੇ ਰਾਜਦੂਤ ਕਯਾਵ ਮੋ ਤੁਨ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਦੇਸ਼ ਦੀ ਮਿਲਟਰੀ ਤਾਤਮਾਰਡੋ ਨੂੰ ਵਿੱਤੀ ਪ੍ਰਵਾਹ ਵਿਚ ਕਟੌਤੀ ਕਰਨ ਦੀ ਅਪੀਲ ਕੀਤੀ ਸੀ। ਐੱਨ.ਐੱਚ.ਕੇ. ਵਰਲਡ ਨਾਲ ਇਕ ਵਿਸ਼ੇਸ਼ ਇੰਟਰਵਿਊ ਵਿਚ ਉਹਨਾਂ ਨੇ ਫਰਵਰੀ ਦੇ ਤਖ਼ਤਾਪਲਟ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਕਾਰਵਾਈ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਸੈਨਾ ਨਾਲ ਜੁੜੀਆਂ ਕੰਪਨੀਆਂ ਨਾਲ ਨਿਵੇਸ਼ ਅਤੇ ਗਠਜੋੜ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਮੋ ਤੁਨ ਨੇ ਕਿਹਾ ਸੀ ਕਿ ਮਿਲਟਰੀ ਲੜੀ ਦੇ ਮਾਧਿਅਮ ਤੋਂ ਜਾਣ ਵਾਲੇ ਕਿਸੇ ਵੀ ਵਿੱਤੀ ਪ੍ਰਵਾਹ ਨੂੰ ਤੁਰੰਤ ਰੋਕ ਦਿੱਤਾ ਜਾਣਾ ਚਾਹੀਦਾ ਹੈ।