ਅੱਤਵਾਦੀ ਸਮੂਹਾਂ ''ਤੇ ਕਾਰਵਾਈ ਕਰਨ ਪਾਕਿ ਦੇ ਹਿੱਤ ''ਚ : ਅਮਰੀਕਾ
Monday, Nov 26, 2018 - 05:28 PM (IST)
ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨ ਨੂੰ ਅੱਤਵਾਦ ਨੂੰ ਸਪਾਂਸਰ ਕਰਨ ਵਾਲਾ ਦੇਸ਼ ਐਲਾਨ ਕਰਨ ਦੇ ਇਲਾਵਾ ਅਮਰੀਕਾ ਉਸ ਨੂੰ ਇਹ ਸਮਝਾਉਣ ਲਈ ਹਰ ਸੰਭਵ ਤਰੀਕਿਆਂ ਨੂੰ ਅਜਮਾਉਣ 'ਤੇ ਵਿਚਾਰ ਕਰ ਰਿਹਾ ਹੈ ਕਿ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਕਰਨਾ ਉਸ ਦੇ ਹਿੱਤ ਵਿਚ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪ੍ਰਬੰਧਕੀ ਅਧਿਕਾਰੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਚਰਚਾ ਦਾ ਕੇਂਦਰ ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਦੇਸ਼ ਐਲਾਨ ਕਰਨਾ ਨਹੀਂ ਹੈ ਸਗੋਂ ਉਸ ਨੂੰ ਇਹ ਸਮਝਾਉਣ ਲਈ ਹੋਰ ਤਰੀਕਿਆਂ ਦੀ ਵਰਤੋਂ ਕਿਵੇਂ ਕੀਤੀ ਜਾਵੇ ਕਿ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਕਰਨਾ ਉਸ ਦੇ ਹਿੱਤ ਵਿਚ ਹੈ ਇਸ ਸਬੰਧੀ ਹੈ।''
ਅਧਿਕਾਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਇਹ ਵਿਕਲਪ ਤਾਂ ਪਾਕਿਸਤਾਨ ਨੇ ਚੁਣਨਾ ਹੈ ਕਿ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿਚ ਸਹਿਯੋਗ ਕਰੇ ਅਤੇ ਅਮਰੀਕਾ ਤੇ ਬਾਕੀ ਦੁਨੀਆ ਦੇ ਨਾਲ ਗੂੜ੍ਹੇ ਸਬੰਧਾਂ ਦਾ ਲਾਭ ਉਠਾਏ ਜਾਂ ਉਹ ਆਪਣਾ ਰਵੱਈਆ ਨਾ ਬਦਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਹੋਣ ਦੇ ਖਤਰਿਆਂ ਦਾ ਸਾਹਮਣਾ ਕਰੇ।'' ਬੀਤੇ ਹਫਤੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਟਵਿੱਟਰ 'ਤੇ ਅਤੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ 'ਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿਚ ਅਮਰੀਕਾ ਲਈ ਕੁਝ ਨਾ ਕਰਨ ਦਾ ਦੋਸ਼ ਲਗਾਇਆ ਸੀ ਅਤੇ ਇਸ ਗੱਲ ਨੂੰ ਦੁਹਰਾਇਆ ਸੀ ਕਿ ਜਦੋਂ ਤੱਕ ਪਾਕਿਸਤਾਨ ਆਪਣਾ ਰਵੱਈਆ ਨਹੀਂ ਬਦਲਦਾ ਉਦੋਂ ਤੱਕ ਉਨ੍ਹਾਂ ਦਾ ਪ੍ਰਸ਼ਾਸਨ ਉਸ ਨੂੰ ਦਿੱਤੀ ਜਾਣ ਵਾਲੀ ਸਾਰੀ ਮਦਦ ਨੂੰ ਬੰਦ ਰੱਖੇਗਾ।