ਅਜਿਹਾ ਸਟਾਰਟਅੱਪ ਜੋ ਬੇਘਰ ਲੋਕਾਂ ਨੂੰ ਦਿੰਦਾ ਹੈ ਮੁਫਤ ਜੁਰਾਬਾਂ
Friday, Nov 16, 2018 - 04:33 PM (IST)

ਵਾਸ਼ਿੰਗਟਨ (ਬਿਊਰੋ)— ਸਰਦੀਆਂ ਵਿਚ ਬੇਘਰ ਅਤੇ ਗਰੀਬ ਲੋਕਾਂ ਦੀ ਮਦਦ ਲਈ ਹਰੇਕ ਸਾਲ ਸਮਾਜਿਕ ਕਾਰਕੁੰਨ ਅਤੇ ਆਮ ਲੋਕ ਵੱਡੇ ਪੱਧਰ 'ਤੇ ਗਰਮ ਕੱਪੜੇ ਦਾਨ ਕਰਦੇ ਹਨ। ਭਾਵੇਂਕਿ ਸਰੀਰ ਢੱਕਣ ਲਈ ਉਨ੍ਹਾਂ ਦੀ ਇਕ ਖਾਸ ਲੋੜ ਜੁਰਾਬਾਂ ਦੇਣ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਜਾਂਦਾ ਹੈ। ਅਮਰੀਕਾ ਵਿਚ ਬੇਘਰ ਲੋਕਾਂ ਦੀ ਇਸੇ ਸਮੱਸਿਆ ਨੂੰ ਦੇਖਦਿਆਂ ਡੇਵਿਡ ਹੀਥ ਅਤੇ ਰੈਂਡੀ ਗੋਲਡੇਨਬਰਗ ਨੇ ਇਕ ਕੰਪਨੀ ਬੋਮਬਾਸ ਸੌਕਸ ਸ਼ੁਰੂ ਕੀਤੀ ਹੈ।
ਸਟਾਰਟਅੱਪ ਦਾ ਮੁੱਖ ਉਦੇਸ਼
ਕੰਪਨੀ ਦਾ ਮੁੱਖ ਉਦੇਸ਼ ਬੇਘਰ ਲੋਕਾਂ ਨੂੰ ਜੁਰਾਬਾਂ ਮੁੱਹਈਆਂ ਕਰਵਾਉਣਾ ਸੀ। ਬੀਤੇ 5 ਸਾਲਾਂ ਵਿਚ ਬੋਮਬਾਸ ਕਰੀਬ 1 ਕਰੋੜ ਜੁਰਾਬਾਂ ਦਾਨ ਕਰ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਜਿੰਨੀਆਂ ਜੁਰਾਬਾਂ ਵੇਚਦੀ ਹੈ ਉਨ੍ਹਾਂ ਹੀ ਜੋੜੇ ਜੁਰਾਬਾਂ ਲੋੜਵੰਦਾਂ ਨੂੰ ਦਾਨ ਕਰਦੀ ਹੈ।
ਇਕ ਘਟਨਾ ਨੇ ਦਿੱਤਾ ਕੰਪਨੀ ਬਣਾਉਣ ਦਾ ਆਈਡੀਆ
ਬੋਮਬਾਸ ਦੇ ਕੋ-ਬਾਨੀ ਡੇਵਿਡ ਹੀਥ ਮੁਤਾਬਕ ਉਨ੍ਹਾਂ ਨੂੰ ਕੰਪਨੀ ਬਣਾਉਣ ਦਾ ਖਿਆਲ ਇਕ ਘਟਨਾ ਦੇ ਬਾਅਦ ਆਇਆ। ਡੇਵਿਡ ਦੱਸਦੇ ਹਨ ਕਿ ਇਕ ਵਾਰ ਮੇਰਾ ਸਾਹਮਣਾ ਅਜਿਹੇ ਬੇਘਰ ਸ਼ਖਸ਼ ਨਾਲ ਹੋਇਆ ਜੋ ਬੋਰਡ ਨੂੰ ਸਰੀਰ 'ਤੇ ਲਟਕਾ ਕੇ ਕੁਝ ਦਾਨ ਦੇਣ ਦੀ ਮੰਗ ਕਰ ਰਿਹਾ ਸੀ। ਮੈਂ ਉਸ ਕੋਲ ਜਾ ਕੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਪਰ ਜੁਰਾਬਾਂ ਦਾ ਇਕ ਜੋੜਾ ਹੈ। ਮੇਰੇ ਹੱਥ ਵਿਚ ਜੁਰਾਬਾਂ ਦੇਖ ਉਸ ਬੇਘਰ ਸ਼ਖਸ ਨੇ ਕਿਹਾ ਕਿ ਇਹੀ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ।
ਦੋਸਤ ਨਾਲ ਮਿਲ ਕੇ ਬਣਾਈ ਕੰਪਨੀ
ਡੇਵਿਡ ਉਸ ਘਟਨਾ ਨੂੰ ਯਾਦ ਕਰਦੇ ਹਨ ਕਿ ਕਿਵੇਂ ਉਸ ਬੇਘਰ ਸ਼ਖਸ ਨੇ ਉਨ੍ਹਾਂ ਤੋਂ ਜੁਰਾਬਾਂ ਲੈਣ ਮਗਰੋਂ ਆਪਣੇ ਪੈਰਾਂ 'ਤੇ ਚੜ੍ਹਿਆ ਪਲਾਸਟਿਕ ਦਾ ਬੈਗ ਉਤਾਰਿਆ ਅਤੇ ਉਸ ਦੀ ਜਗ੍ਹਾ ਗਰਮ ਜੁਰਾਬਾਂ ਪਹਿਨੀਆਂ। ਡੇਵਿਡ ਮੁਤਾਬਕ ਇਸ ਘਟਨਾ ਨੇ ਉਨ੍ਹਾਂ 'ਤੇ ਡੂੰਘਾ ਅਸਰ ਪਾਇਆ। ਇਸ ਮਗਰੋਂ ਹੀ ਡੇਵਿਡ ਨੇ ਆਪਣੇ ਦੋਸਤ ਰੈਂਡੀ ਨਾਲ ਮਿਲ ਕੇ ਸਾਲ 2013 ਵਿਚ ਇਕ ਅਜਿਹੀ ਕੰਪਨੀ ਖੋਲੀ ਜੋ ਹਰੇਕ ਜੋੜੀ ਜੁਰਾਬਾਂ ਵੇਚਣ ਦੇ ਬਦਲੇ ਇਕ ਜੋੜੀ ਜੁਰਾਬਾਂ ਗਰੀਬ ਵਿਅਕਤੀ ਨੂੰ ਦਾਨ ਕਰੇਗੀ। ਉਨ੍ਹਾਂ ਨੇ ਇਸ ਨੂੰ Buy one-Give one ਮਾਡਲ ਨਾਮ ਦਿੱਤਾ।
ਇਕ ਜੋੜੀ ਦੀ ਕੀਮਤ 12 ਡਾਲਰ
ਕੰਪਨੀ ਦੇ ਦੂਜੇ ਕੋ-ਬਾਨੀ ਗੋਲਡਬਰਗ ਮੁਤਾਬਕ ਉਨ੍ਹਾਂ ਨੂੰ ਇਹ ਆਈਡੀਆ ਕਾਫੀ ਪਸੰਦ ਆਇਆ ਕਿ ਕੋਈ ਆਪਣਾ ਬਿਜ਼ਨੈੱਸ ਸ਼ੁਰੂ ਕਰ ਕੇ ਕਿਵੇਂ ਦੂਜਿਆਂ ਦੀ ਮਦਦ ਕਰ ਸਕਦਾ ਹੈ। ਬੋਮਬਾਸ ਦੀ ਇਕ ਜੋੜੀ ਜੁਰਾਬਾਂ ਦੀ ਕੀਮਤ 12 ਡਾਲਰ (866 ਰੁਪਏ) ਰੱਖੀ ਗਈ ਹੈ। ਜੁਰਾਬਾਂ ਨੂੰ ਬਣਾਉਣ ਵਿਚ ਹਾਈ ਕੁਆਲਿਟੀ ਦੇ ਕਾਟਨ ਤੇ ਉੱਨ ਵਰਤੀ ਜਾਂਦੀ ਹੈ। ਗਾਹਕ ਜੇ ਇਨ੍ਹਾਂ ਜੁਰਾਬਾਂ ਨੂੰ ਕੁਝ ਸਮਾਂ ਪਾਉਣ ਮਗਰੋਂ ਸਤੁੰਸ਼ਟ ਨਹੀਂ ਹਨ ਤਾਂ ਕੰਪਨੀ ਤੁਰੰਤ ਇਨ੍ਹਾਂ ਨੂੰ ਬਦਲਣ ਜਾਂ ਪੈਸੇ ਵਾਪਸ ਕਰਨ ਦਾ ਵਿਕਲਪ ਦਿੰਦੀ ਹੈ।
2017 ਵਿਚ ਕੰਪਨੀ ਨੂੰ ਮਿਲਿਆ 340 ਕਰੋੜ ਦਾ ਰੇਵੇਨਿਊ
ਬੋਮਬਾਸ ਨੂੰ ਪਹਿਲੀ ਵੱਡੀ ਸਫਲਤਾ ਸਾਲ 2014 ਵਿਚ ਮਿਲੀ ਜਦੋਂ ਉਨ੍ਹਾਂ ਨੂੰ ਆਪਣੇ ਸਟਾਰਟਅੱਪ ਲਈ ਇਕ ਰਿਆਲਿਟੀ ਸ਼ੋਅ ਸ਼ਾਰਕ ਟੈਂਕ ਵਿਚ ਫੀਚਰ ਕੀਤਾ ਗਿਆ। ਇਸ ਮਗਰੋਂ ਫੈਸ਼ਨ ਬ੍ਰਾਂਡ ਫੂਬੂ (FUBU) ਦੇ ਸੀ.ਈ.ਓ. ਡੇਮੰਡ ਜੌਨ ਨੇ ਉਨ੍ਹਾਂ ਦੀ ਕੰਪਨੀ ਨਾਲ ਪਾਰਟਨਰਸ਼ਿਪ ਦਾ ਫੈਸਲਾ ਕੀਤਾ। ਬੋਮਬਾਸ ਨੇ ਬੀਤੇ ਸਾਲ ਬਿਹਤਰੀਨ ਸੇਲ ਜ਼ਰੀਏ 47 ਕਰੋੜ ਡਾਲਰ (ਕਰੀਬ 340 ਕਰੋੜ ਰੁਪਏ) ਦਾ ਰੇਵੇਨਿਊ ਇਕੱਠਾ ਕੀਤਾ। ਡੇਵਿਡ ਅਤੇ ਗੋਲਡਬਰਗ ਦੋਵੇਂ ਹੀ ਉਸ ਰਿਆਲਿਟੀ ਸ਼ੋਅ ਨੂੰ ਆਪਣੀ ਸਫਲਤਾ ਦੇ ਪਿੱਛੇ ਖਾਸ ਮੰਨਦੇ ਹਨ।