ਅਮਰੀਕੀ ਚੋਣਾਂ ਤੋਂ ਪਹਿਲਾਂ ਡਿਜੀਟਲ ਖਤਰੇ ਕਈ ਗੁਣਾ ਵਧੇ

Monday, Sep 23, 2019 - 12:36 PM (IST)

ਅਮਰੀਕੀ ਚੋਣਾਂ ਤੋਂ ਪਹਿਲਾਂ ਡਿਜੀਟਲ ਖਤਰੇ ਕਈ ਗੁਣਾ ਵਧੇ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡਿਜੀਟਲ ਖਤਰੇ ਕਈ ਗੁਣਾ ਵੱਧ ਗਏ ਹਨ। ਇਹ ਖਤਰੇ ਕਈ ਤਰ੍ਹਾਂ ਦੇ ਹੋ ਸਕਦੇ ਹਨ। ਮਾਹਰਾਂ ਮੁਤਾਬਕ ਹੋ ਸਕਦਾ ਹੈ ਇਹ ਇਕ ਉਮੀਦਵਾਰ ਨੂੰ ਸ਼ਰਮਿੰਦਾ ਕਰਨ ਵਾਲਾ ਵੀਡੀਓ ਹੋਵੇ ਜਾਂ ਰੈਨਸਮਵੇਅਰ ਨਾਲ ਕੰਪਿਊਟਰ ਵੋਟਿੰਗ ਸਿਸਟਮ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਜਾਂ ਬਿਨਾਂ ਪੇਪਰ ਬੈਕਅੱਪ ਵਾਲੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। 

ਚੋਣ ਸੁਰੱਖਿਆ ਦੇ ਮੱਦੇਨਜ਼ਰ ਡਿਜੀਟਲ ਖਤਰੇ ਵੱਧਣ ਨਾਲ ਪ੍ਰਭਾਵਿਤ ਨਤੀਜੇ ਆਉਣ ਦਾ ਖਦਸ਼ਾ ਹੈ। ਫੇਸਬੁੱਕ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ 'ਤੇ ਵੱਡੇ ਪੱਧਰ 'ਤੇ ਗਲਤ ਸੂਚਨਾ ਮੁਹਿੰਮ ਚਲਾਏ ਜਾਣ ਦੇ ਖੁਲਾਸੇ ਦੇ ਬਾਅਦ ਚਿੰਤਾਵਾਂ ਕਾਫੀ ਵੱਧ ਗਈਆਂ ਹਨ, ਜੋ ਵੱਡੇ ਪੱਧਰ 'ਤੇ 2016 ਵਿਚ ਕਥਿਤ ਤੌਰ 'ਤੇ ਰੂਸੀ ਜਾਸੂਸਾਂ ਦੇ ਇਸ਼ਾਰੇ 'ਤੇ ਚਲਾਈਆਂ ਗਈਆਂ ਸਨ। ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੇ ਇਸ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ, ਜਿਨ੍ਹਾਂ ਦੇ ਦਫਤਰ ਨੇ ਚੋਣ ਵਿਚ ਦਖਲ ਅੰਦਾਜ਼ੀ ਦੇ ਸੰਬੰਧ ਵਿਚ ਕਈ ਸਬੂਤ ਹਾਸਲ ਕੀਤੇ ਸਨ। 

ਸਟੈਨਫੋਰਡ ਯੂਨੀਵਰਸਿਟੀ ਦੇ 'ਸਾਈਬਰ ਪਾਲਿਸੀ ਸੈਂਟਰ' ਦੀ ਇਕ ਰਿਪੋਰਟ ਵਿਚ ਕਿਹਾ ਗਿਆ,''ਚੋਣਾਂ ਦੌਰਾਨ ਸਾਈਬਰ ਦਖਲ ਅੰਦਾਜ਼ੀ ਅਤੇ ਗਲਤ ਸੂਚਨਾ ਮੁਹਿੰਮ ਹਰ ਜਗ੍ਹਾ ਲੋਕਤੰਤਰ ਲਈ ਇਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ।'' ਵਾਸ਼ਿੰਗਟਨ ਸਥਿਤ ਸੈਂਟਰ ਫੌਰ ਡੈਮੋਕ੍ਰੇਸੀ ਐਂਡ ਤਕਨਾਲੋਜੀ ਦੇ ਇਕ ਚੋਣ ਸੁਰੱਖਿਆ ਮਾਹਰ ਮੌਰਿਸ ਟਰਨਰ ਨੇ ਕਿਹਾ ਕਿ ਇਹ ਖਤਰੇ 2020 ਵਿਚ ਵੋਟਰਾਂ ਦੇ ਵਿਸ਼ਵਾਸ 'ਤੇ ਨਕਰਾਤਮਕ ਪ੍ਰਭਾਵ ਪਾ ਸਕਦੇ ਹਨ।


author

Vandana

Content Editor

Related News