ਅੱਤਵਾਦੀਆਂ ਵਿਰੁੱਧ ''ਲਗਾਤਾਰ ਤੇ ਸਥਾਈ'' ਕਾਰਵਾਈ ਕਰੇ ਪਾਕਿ : ਅਮਰੀਕਾ

03/08/2019 11:36:13 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵਿਚ ਮੌਜੂਦ ਅੱਤਵਾਦੀ ਸਮੂਹਾਂ ਵਿਰੁੱਧ 'ਸਥਾਈ ਅਤੇ ਲਗਾਤਾਰ' ਕਾਰਵਾਈ ਕਰੇ। ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਪੁਲਵਾਮਾ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਮਲੇ ਅਤੇ ਬਾਲਾਕੋਟ ਵਿਚ ਜੈਸ਼ ਦੇ ਅੱਤਵਾਦੀ ਕੈਂਪ 'ਤੇ ਭਾਰਤ ਦੇ ਹਵਾਈ ਹਮਲੇ ਦੇ ਬਾਅਦ ਤੋਂ ਪਾਕਿਸਤਾਨ 'ਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਲਈ ਗਲੋਬਲ ਦਬਾਅ ਵਧਿਆ ਹੈ। 

ਇਸਲਾਮਾਬਾਦ ਵਿਚ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿਚ ਪਾਬੰਦੀਸ਼ੁਦਾ ਸਮੂਹਾਂ ਦੇ ਹੁਣ ਤੱਕ 121 ਮੈਂਬਰਾਂ ਨੂੰ ਸਾਵਧਾਨੀ ਦੇ ਤੌਰ 'ਤੇ ਨਜ਼ਰਬੰਦ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰੌਬਰਟ ਪਾਲਾਡਿਨੋ ਨੇ ਵੀਰਵਾਰ ਨੰ ਕਿਹਾ,''ਮੈਂ ਕਹਾਂਗਾ ਕਿ ਅਸੀਂ ਇਨ੍ਹਾਂ ਕਦਮਾਂ 'ਤੇ ਧਿਆਨ ਦਿੰਦੇ ਹੋਏ ਪਾਕਿਸਤਾਨ ਨੂੰ ਫਿਰ ਇਹ ਅਪੀਲ ਕਰਾਂਗੇ ਕਿ ਉਹ ਅੱਤਵਾਦੀ ਸਮੂਹਾਂ ਵਿਰੁੱਧ ਸਖਤ ਕਦਮ ਚੁੱਕੇ, ਜਿਸ ਨਾਲ ਭਵਿੱਖ ਵਿਚ ਹਮਲੇ ਰੁਕਣਗੇ ਅਤੇ ਖੇਤਰੀ ਸਥਿਰਤਾ ਨੂੰ ਵਧਾਵਾ ਮਿਲੇਗਾ।'' 

ਉਨ੍ਹਾਂ ਨੇ ਕਿਹਾ,''ਅਸੀ ਮੁੜ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਦੀ ਪਾਲਣਾ ਕਰੇ ਤੇ ਅੱਤਵਾਦੀਆਂ ਦੀ ਸ਼ਰਨਸਥਲੀ ਨਸ਼ਟ ਕਰੇ ਅਤੇ ਉਨ੍ਹਾਂ ਦੇ ਵਿਤ ਪੋਸ਼ਣ ਨੂੰ ਰੋਕੇ।'' ਰੌਬਰਟ ਨੇ ਜੈਸ਼ ਦੇ ਨੇਤਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਸਬੰਧੀ ਪ੍ਰਸ਼ਨ ਦਾ ਸਿੱਧਾ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਉਸ ਦੇ ਸਾਥੀ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮੁਖੀਆਂ ਦੀ ਸੰਯੁਕਤ ਰਾਸ਼ਟਰ ਦੀ ਸੂਚੀ ਨੂੰ ਅਪਡੇਟ ਕਰਨਾ ਚਾਹੁੰਦੇ ਹਨ।


Vandana

Content Editor

Related News