ਅਮਰੀਕਾ : 12 ਸੂਬਿਆਂ ਦੀ ਮਨੁੱਖੀ ਤਸਕਰੀ ਖ਼ਿਲਾਫ਼ ਮੁਹਿੰਮ ’ਚ 100 ਤੋਂ ਵੱਧ ਗ੍ਰਿਫ਼ਤਾਰ

Monday, Aug 30, 2021 - 06:29 PM (IST)

ਅਮਰੀਕਾ : 12 ਸੂਬਿਆਂ ਦੀ ਮਨੁੱਖੀ ਤਸਕਰੀ ਖ਼ਿਲਾਫ਼ ਮੁਹਿੰਮ ’ਚ 100 ਤੋਂ ਵੱਧ ਗ੍ਰਿਫ਼ਤਾਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ 12 ਸੂਬਿਆਂ ਵੱਲੋਂ ਤਾਲਮੇਲ ਪੈਦਾ ਕਰ ਕੇ ਮਨੁੱਖੀ ਤਸਕਰੀ ਵਿਰੁੱਧ ਚਲਾਈ ਮੁਹਿੰਮ ’ਚ 100 ਤੋਂ ਜ਼ਿਆਦਾ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਕਾਰਵਾਈ ਦੀ ਮਦਦ ਨਾਲ ਮਨੁੱਖੀ ਤਸਕਰੀ ਦੇ ਤਕਰੀਬਨ 47 ਪੀੜਤਾਂ ਨੂੰ ਬਚਾਇਆ ਵੀ ਗਿਆ। ਇਸ ਕਾਰਵਾਈ ਸਬੰਧੀ ਮਿਜ਼ੂਰੀ ਦੇ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ  ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ 12 ਸੂਬਿਆਂ ਦੀ ਸਾਂਝੀ ਕੋਸ਼ਿਸ਼ ਦੇ ਹਿੱਸੇ ਵਜੋਂ ਅਧਿਕਾਰੀਆਂ ਨੇ 102 ਗ੍ਰਿਫ਼ਤਾਰੀਆਂ ਕੀਤੀਆਂ ਅਤੇ 47 ਪੀੜਤਾਂ ਨੂੰ ਬਚਾਇਆ ਅਤੇ ਜ਼ਿਆਦਾਤਰ ਗ੍ਰਿਫ਼ਤਾਰੀਆਂ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਹੋਈਆਂ ਹਨ।

ਅਧਿਕਾਰੀਆਂ ਵੱਲੋਂ ਇਹ ਗ੍ਰਿਫ਼ਤਾਰੀਆਂ ਮਹੀਨਿਆਂ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ। “ਆਪਰੇਸ਼ਨ ਯੂਨਾਈਟਿਡ ਫਰੰਟ” ਨਾਂ ਦੀ ਇਸ ਮੁਹਿੰਮ ਨੂੰ ਅਮਰੀਕੀ ਸੂਬਿਆਂ ਮਿਜ਼ੂਰੀ, ਇਲੀਨੋਏ, ਆਇਓਵਾ, ਕੇਂਟਕੀ, ਮਿਨੇਸੋਟਾ, ਨੇਬਰਾਸਕਾ, ਨੌਰਥ ਡਕੋਟਾ, ਓਕਲਾਹੋਮਾ, ਟੈਨੇਸੀ, ਟੈਕਸਾਸ, ਵਿਸਕਾਨਸਿਨ ਅਤੇ ਸਾਊਥ ਡਕੋਟਾ ’ਚ ਚਲਾਇਆ ਗਿਆ ਸੀ। ਇਸ ਆਪ੍ਰੇਸ਼ਨ ’ਚ ਫੈਡਰਲ, ਰਾਜ ਅਤੇ ਸਥਾਨਕ ਏਜੰਸੀਆਂ ਦੇ ਅੰਡਰਕਵਰ ਅਧਿਕਾਰੀਆਂ ਨੇ ਤਸਕਰਾਂ ਦੀ ਪਛਾਣ ਕਰਨ ਲਈ ਸੰਭਾਵਿਤ ਪੀੜਤਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਕਈ ਮੌਕਿਆਂ ’ਤੇ ਤਾਂ ਅਧਿਕਾਰੀ ਖੁਦ ਪੀੜਤਾਂ ਵਜੋਂ ਪੇਸ਼ ਹੋਏ। ਬਚਾਏ ਗਏ 47 ਲੋਕਾਂ ’ਚੋਂ ਦੋ ਨਾਬਾਲਗ ਸਨ ਅਤੇ ਉਨ੍ਹਾਂ ਨੂੰ ਕੇਂਟਕੀ ’ਚ ਬਚਾਇਆ ਗਿਆ।


author

Manoj

Content Editor

Related News