‘ਅਮਰੀਕਾ ਤੇ ਚੀਨ ਵਿਚਾਲੇ ਹੋਵੇਗੀ ਆਨਲਾਈਨ ਸਿਖਰ ਬੈਠਕ’
Thursday, Oct 07, 2021 - 06:30 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਇਸ ਸਾਲ ਦੇ ਅੰਤ ਤੋਂ ਪਹਿਲਾਂ ਆਨਲਾਈਨ ਸਿਖਰ ਬੈਠਕ ਕਰਨਗੇ। ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਅਜਿਹੇ ਸਮੇਂ ਹੋਣ ਜਾ ਰਹੀ ਹੈ, ਜਦੋਂ ਵਪਾਰ, ਮਨੁੱਖੀ ਅਧਿਕਾਰ, ਦੱਖਣੀ ਚੀਨ ਸਾਗਰ ਅਤੇ ਤਾਈਵਾਨ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਬਹੁਤ ਤਣਾਅਪੂਰਨ ਹਨ। ਵ੍ਹਾਈਟ ਹਾਊਸ ਨੇ ਬੁੱਧਵਾਰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਅਤੇ ਵਿਦੇਸ਼ ਮਾਮਲਿਆਂ ਦੇ ਦਫਤਰ ਦੇ ਨਿਰਦੇਸ਼ਕ ਯਾਂਗ ਜੀਚੀ ਵਿਚਕਾਰ ਜ਼ਿਊਰਿਖ ’ਚ ਲੱਗਭਗ ਛੇ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਵ੍ਹਾਈਟ ਹਾਊਸ ਵੱਲੋਂ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਦੀ ਮੁਲਾਕਾਤ ਦਾ ਐਲਾਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਬੀਜਿੰਗ ਤੋਂ ਤਾਈਵਾਨ 'ਤੇ ਫੌਜੀ ਦਬਾਅ ਪਾਉਣ ਅਤੇ ਵਪਾਰਕ ਵਚਨਬੱਧਤਾਵਾਂ ਦੀ ਪਾਲਣਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਚੀਨ ਨੇ ਲੱਗਭਗ 150 ਜੰਗੀ ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਖੇਤਰ ’ਚ ਭੇਜੇ ਹਨ, ਜਿਸ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਨੇ ਬੀਜਿੰਗ ਨੂੰ ਚਿਤਾਵਨੀ ਦਿੱਤੀ ਹੈ।
ਵ੍ਹਾਈਟ ਹਾਊਸ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਲੱਗਭਗ ਛੇ ਘੰਟਿਆਂ ਦੀ ਬੈਠਕ ਦੌਰਾਨ ਸੁਲੀਵਨ ਨੇ ਉਨ੍ਹਾਂ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ, ਜਿੱਥੇ ਅਮਰੀਕਾ ਅਤੇ ਚੀਨ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਸਕਦੇ ਹਨ ਅਤੇ ਸੰਬੰਧਾਂ ਵਿਚ ‘ਜੋਖਿਮਾਂ’ ਨਾਲ ਨਜਿੱਠਣ ਦਾ ਰਸਤਾ ਲੱਭ ਸਕਦੇ ਹਨ। ਉਥੇ ਹੀ ਸੁਲੀਵਨ ਨੇ ਕਈ ਅਜਿਹੇ ਖੇਤਰਾਂ ਦੇ ਵੀ ਮੁੱਦੇ ਉਠਾਏ, ਜਿੱਥੇ ਅਮਰੀਕਾ ਚੀਨ ਦੇ ਕਦਮਾਂ ਤੋਂ ਚਿੰਤਤ ਹੈ। ਇਨ੍ਹਾਂ ’ਚ ਮਨੁੱਖੀ ਅਧਿਕਾਰਾਂ, ਸ਼ਿਨਜਿਆਂਗ, ਹਾਂਗਕਾਂਗ, ਦੱਖਣੀ ਚੀਨ ਸਾਗਰ ਅਤੇ ਤਾਈਵਾਨ ਨਾਲ ਜੁੜੇ ਮੁੱਦੇ ਸ਼ਾਮਲ ਹਨ। ਆਨਲਾਈਨ ਸਿਖਰ ਬੈਠਕ ਦਾ ਫ਼ੈਸਲਾ ਇਸ ਤੱਥ ਦੇ ਮੱਦੇਨਜ਼ਰ ਲਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਇਸ ਸਾਲ ਇਕੱਠੇ ਮਿਲਣ ਦਾ ਸਮਾਂ ਨਹੀਂ ਮਿਲੇਗਾ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ ਸੁਲੀਵਨ ਅਤੇ ਯਾਂਗ ਨੇ ਕਈ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਗੱਲਬਾਤ ‘ਚੰਗੀ ਅਤੇ ਸਪੱਸ਼ਟ’ ਰਹੀ ਅਤੇ ਲੱਗਭਗ ਛੇ ਘੰਟੇ ਚੱਲੀ। ਅਧਿਕਾਰੀ ਨੇ ਕਿਹਾ ਕਿ ਸੁਲੀਵਨ ਤਾਈਵਾਨ ਬਾਰੇ ‘ਬਹੁਤ ਹੀ ਸਪੱਸ਼ਟ’ ਸੀ ਅਤੇ ਉਨ੍ਹਾਂ ਨੇ ਤਾਈਵਾਨ ’ਚ ਬੀਜਿੰਗ ਦੀਆਂ ਹਾਲੀਆ ਭੜਕਾਊ ਗਤੀਵਿਧੀਆਂ ’ਤੇ ਅਮਰੀਕੀ ਚਿੰਤਾ ਜ਼ਾਹਿਰ ਕੀਤੀ।
ਸੁਲੀਵਨ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਤਾਈਵਾਨ ਦੀ ਸਵੈ-ਰੱਖਿਆ ਦਾ ਸਮਰਥਨ ਜਾਰੀ ਰੱਖੇਗਾ ਅਤੇ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗਾ। ਇਸ ਦੇ ਨਾਲ ਹੀ ਇਸ ਗੱਲਬਾਤ ਨੂੰ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ’ਚ ਵਿਆਪਕ ਅਤੇ ਸਪੱਸ਼ਟ ਦੱਸਿਆ ਗਿਆ। ਇਸ ’ਚ ਕਿਹਾ ਗਿਆ ਹੈ ਕਿ ਚੀਨ-ਅਮਰੀਕਾ ਸੰਬੰਧ, ਆਪਸੀ ਚਿੰਤਾ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਖਬਰਾਂ ਦੇ ਅਨੁਸਾਰ ਯਾਂਗ ਨੇ ਕਿਹਾ ਕਿ ਜਦੋਂ ਚੀਨ ਅਤੇ ਅਮਰੀਕਾ ਇਕ-ਦੂਜੇ ਦਾ ਸਾਥ ਦੇਣਗੇ ਤਾਂ ਇਸ ਨਾਲ ਦੋਵਾਂ ਦੇਸ਼ਾਂ ਅਤੇ ਦੁਨੀਆ ਨੂੰ ਫਾਇਦਾ ਹੋਵੇਗਾ ਤੇ ਟਕਰਾਅ ਦੀ ਸਥਿਤੀ ’ਚ ਦੋਵਾਂ ਦੇਸ਼ਾਂ ਦੇ ਨਾਲ-ਨਾਲ ਦੁਨੀਆ ਨੂੰ ਗੰਭੀਰ ਨੁਕਸਾਨ ਹੋਵੇਗਾ।