ਚੋਣਾਂ ''ਚ ਮਦਦ ਲਈ ਭਾਰਤ ਨੂੰ 1.8 ਕਰੋੜ ਅਮਰੀਕੀ ਡਾਲਰ ਦਿੱਤੇ ਗਏ: ਟਰੰਪ

Sunday, Feb 23, 2025 - 01:13 PM (IST)

ਚੋਣਾਂ ''ਚ ਮਦਦ ਲਈ ਭਾਰਤ ਨੂੰ 1.8 ਕਰੋੜ ਅਮਰੀਕੀ ਡਾਲਰ ਦਿੱਤੇ ਗਏ: ਟਰੰਪ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸਾਬਕਾ ਬਾਈਡੇਨ ਪ੍ਰਸ਼ਾਸਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸਨੇ ਭਾਰਤ ਨੂੰ ਉਸ ਦੀਆਂ ਚੋਣਾਂ ਵਿੱਚ ਮਦਦ ਕਰਨ ਲਈ 1.8 ਕਰੋੜ ਅਮਰੀਕੀ ਡਾਲਰ ਅਲਾਟ ਕੀਤੇ, ਜਦੋਂ ਕਿ ਉਸਨੂੰ ਇਸਦੀ ਲੋੜ ਨਹੀਂ ਸੀ। ਟਰੰਪ ਨੇ ਇਹ ਟਿੱਪਣੀ ਸ਼ਨੀਵਾਰ ਨੂੰ 'ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ' (CPAC) ਵਿੱਚ ਆਪਣੇ ਭਾਸ਼ਣ ਦੌਰਾਨ ਕੀਤੀ। ਉਹ ਪਹਿਲਾਂ ਵੀ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ "ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ" ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਉਨ੍ਹਾਂ ਨੇ ਇਸ ਲਈ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ (USAID) 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਟਰੰਪ ਦੇ ਇਸ ਦਾਅਵੇ ਨੇ ਭਾਰਤ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਆਪਣੇ ਭਾਸ਼ਣ ਵਿੱਚ, ਟਰੰਪ ਨੇ ਭਾਰਤ 'ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ, “ਭਾਰਤ ਨੂੰ ਉਸਦੀਆਂ ਚੋਣਾਂ ਵਿੱਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦਿੱਤੇ ਗਏ। ਆਖਿਰ ਕਿਉਂ?...।'' ਟਰੰਪ ਨੇ ਕਿਹਾ, 'ਅਸੀਂ ਭਾਰਤ ਨੂੰ ਚੋਣਾਂ ਲਈ ਪੈਸੇ ਦੇ ਰਹੇ ਹਾਂ। ਉਨ੍ਹਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੈ। ਉਹ ਸਾਡਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਵਾਲੇ ਦੇਸ਼ਾਂ ਵਿੱਚੋਂ ਇੱਕ ਹਨ... ਉਹ 200 ਫੀਸਦੀ (ਟੈਕਸ) ਲਗਾਉਂਦੇ ਹਨ ਅਤੇ ਫਿਰ ਅਸੀਂ ਉਨ੍ਹਾਂ ਦੀਆਂ ਚੋਣਾਂ ਵਿੱਚ ਮਦਦ ਕਰਨ ਲਈ ਬਹੁਤ ਸਾਰਾ ਪੈਸਾ ਦੇ ਰਹੇ ਹਾਂ।" ਟਰੰਪ ਨੇ ਬੰਗਲਾਦੇਸ਼ ਨੂੰ 2.9 ਕਰੋੜ ਅਮਰੀਕੀ ਡਾਲਰ ਦੇਣ ਲਈ ਵੀ USAID ਦੀ ਆਲੋਚਨਾ ਕੀਤੀ। ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ, "2.9 ਕਰੋੜ ਅਮਰੀਕੀ ਡਾਲਰ ਦੀ ਵਰਤੋਂ ਰਾਜਨੀਤਿਕ ਦ੍ਰਿਸ਼ ਨੂੰ ਮਜ਼ਬੂਤ ​​ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੀਤੀ ਜਾਵੇਗੀ ਤਾਂ ਕਿ ਉਹ ਬੰਗਲਾਦੇਸ਼ ਵਿੱਚ ਕੱਟੜਪੰਥੀ ਖੱਬੇਪੱਖੀ ਕਮਿਊਨਿਸਟ ਨੂੰ ਵੋਟ ਪਾ ਸਕਣ।' ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਚਿੰਤਾਜਨਕ ਹੈ ਅਤੇ ਸਰਕਾਰ ਇਸ ਦੀ ਜਾਂਚ ਕਰ ਰਹੀ ਹੈ।


author

cherry

Content Editor

Related News