ਪਿਸ਼ਾਬ ਜਾਂਚ ਨਾਲ ਵੀ ਬ੍ਰੇਨ ਟਿਊਮਰ ਦਾ ਲਗਾਇਆ ਜਾ ਸਕਦੈ ਪਤਾ
02/04/2023 4:12:02 PM

ਟੋਕੀਓ (ਭਾਸ਼ਾ)- ਵਿਗਿਆਨੀਆਂ ਨੇ ਪਿਸ਼ਾਬ ਵਿਚ ਇਕ ਮੁੱਖ ਝਿੱਲੀ ਪ੍ਰੋਟੀਨ ਦੀ ਪਛਾਣ ਕਰਨ ਲਈ ਇਕ ਨਵੇਂ ਉਪਕਰਣ ਦੀ ਵਰਤੋਂ ਕੀਤੀ ਹੈ, ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਮਰੀਜ਼ ਨੂੰ ਦਿਮਾਗ ਦਾ ਟਿਊਮਰ ਹੈ ਜਾਂ ਨਹੀਂ। ਝਿੱਲੀ ਪ੍ਰੋਟੀਨ ਅਜਿਹੇ ਪ੍ਰੋਟੀਨ ਹੁੰਦੇ ਹਨ ਜਿਨ੍ਹਾਂ ਨਾਲ ਜਾਂ ਤਾਂ ਜੈਵ ਝਿੱਲੀਆਂ ਬਣਦੀਆਂ ਹਨ ਜਾਂ ਜੋ ਇਨ੍ਹਾਂ ਜੈਵ ਝਿੱਲੀਆਂ ਨਾਲ ਜੁੜਨ ਜਾਂ ਆਰ-ਪਾਰ ਜਾਣ ਵਿਚ ਸਮਰੱਥ ਹੁੰਦੇ ਹਨ। ਅਧਿਐਨ ਮੁਤਾਬਕ, ਦਿਮਾਗ ਦੇ ਕੈਂਸਰ ਦਾ ਪਤਾ ਲਗਾਉਣ ਵਿਚ ਵਰਤੇ ਜਾਣ ਵਾਲੇ ਪ੍ਰੋਟੀਨ ਨਾਲ ਟਿਊਮਰ ਦਾ ਪਤਾ ਲਗਾਉਣ ਲਈ ਜ਼ਰੂਰੀ ਜਾਂਚ ਦੀ ਲੋੜ ਘੱਟ ਹੋ ਸਕਦੀ ਹੈ ਅਤੇ ਟਿਊਮਰ ਦੇ ਸ਼ੁਰੂਆਤੀ ਪੱਧਰ ’ਤੇ ਹੀ ਪਤਾ ਚੱਲਣ ਦੀ ਸੰਭਾਵਨਾ ਵਧ ਜਾਂਦੀ ਹੈ ਤਾਂ ਜੋ ਉਸਨੂੰ ਸਰਜਰੀ ਰਾਹੀਂ ਹਟਾਇਆ ਜਾ ਸਕੇ।
ਅਧਿਐਨ ਵਿਚ ਕਿਹਾ ਗਿਆ ਹੈ ਕਿ ਜਾਪਾਨ ਦੀ ਨਾਗੋਯਾ ਯੂਨੀਵਰਸਿਟੀ ਦੀ ਇਸ ਖੋਜ ਦਾ ਹੋਰ ਤਰ੍ਹਾਂ ਦੇ ਕੈਂਸਰ ਦਾ ਪਤਾ ਲਗਾਉਣ ਲਈ ਸੰਭਾਵਿਤ ਅਸਰ ਹੋ ਸਕਦਾ ਹੈ। ਇਹ ਅਧਿਐਨ ਰਸਾਰੇ ‘ਏ. ਸੀ. ਐੱਸ. ਨੈਨੋ’ ਵਿਚ ਪ੍ਰਕਾਸ਼ਿਤ ਹੋਇਆ ਹੈ। ਫਿਲਹਾਲ ਕਈ ਤਰ੍ਹਾਂ ਦੇ ਕੈਂਸਰ ਦਾ ਸ਼ੁਰੂਆਤੀ ਪੱਧਰ ’ਤੇ ਪਤਾ ਚੱਲਣ ਨਾਲ ਕੈਂਸਰ ਪੀੜਤਾਂ ਦੇ ਬਚਣ ਦੀ ਸੰਭਾਵਨਾ ਵਧ ਗਈ ਹੈ। ਹਾਲਾਂਕਿ, ਬ੍ਰੇਨ ਟਿਊਮਰ ਨਾਲ ਪੀੜਤ ਲੋਕਾਂ ਦੇ ਜਿੰਦਾ ਬਚਣ ਦੀ ਦਰ ਵਿਚ ਪਿਛਲੇ ਲਗਭਗ 20 ਸਾਲਾਂ ਤੋਂ ਕੋਈ ਬਦਲਾਅ ਨਹੀਂ ਆਇਆ ਹੈ। ਇਸਦਾ ਮੁੱਖ ਕਾਰਨ ਸੰਭਾਵਿਤ ਤੌਰ ’ਤੇ ਦੇਰ ਨਾਲ ਪਤਾ ਲੱਗਣਾ ਹੋ ਸਕਦਾ ਹੈ।