ਪਾਕਿ ਦੇ ਪੰਜਾਬ ਸੂਬੇ ''ਚ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ, ਫਿਟਿਡ ਜੀਨਸ ''ਤੇ ਲਾਈ ਪਾਬੰਦੀ
Wednesday, Dec 29, 2021 - 03:02 PM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇੱਕ ਯੂਨੀਵਰਸਿਟੀ ਨੇ ਪੁਰਸ਼ ਅਤੇ ਮਹਿਲਾ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕੀਤਾ ਹੈ। ਇਹ ਆਦੇਸ਼ ਦੇਸ਼ ਦੇ ਫੈਡਰਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੁਆਰਾ ਇਸ ਸਬੰਧ ਵਿੱਚ ਇੱਕ ਨਿਰਦੇਸ਼ ਜਾਰੀ ਕੀਤੇ ਜਾਣ ਦੇ ਮਹੀਨਿਆਂ ਬਾਅਦ ਆਇਆ ਹੈ। ਡੇਲੀ ਪਾਕਿਸਤਾਨ ਅਖਬਾਰ ਮੁਤਾਬਕ ਨਵੇਂ ਨੋਟੀਫਿਕੇਸ਼ਨ ਦੇ ਤਹਿਤ ਪੁਰਸ਼ ਵਿਦਿਆਰਥੀਆਂ ਨੂੰ ਸ਼ਾਰਟਸ, ਕੱਟ-ਆਫ ਜੀਨਸ, ਮਲਟੀ-ਪਾਕੇਟ, ਫਟੇ ਜਾਂ ਤੰਗ ਜੀਨਸ ਅਤੇ ਪੈਂਟ, ਕੁਝ ਵੀ ਲਿਖੀਆਂ ਹੋਈਆਂ ਟੀ-ਸ਼ਰਟ ਪਾਉਣ ਦੀ ਇਜਾਜ਼ਤ ਨਹੀਂ ਹੈ।
ਡਰੈਸ ਕੋਡ ਸਬੰਧੀ ਹਦਾਇਤਾਂ ਯੂਨੀਵਰਸਿਟੀ ਆਫ਼ ਐਗਰੀਕਲਚਰ ਫੈਸਲਾਬਾਦ (ਯੂ.ਏ.ਐਫ.) ਦੇ ਟੋਬਾ ਟੇਕ ਸਿੰਘ ਸਬ-ਕੈਂਪਸ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਨੋਟੀਫਿਕੇਸ਼ਨ ਵਿੱਚ ਚੱਪਲਾਂ, ਬੰਦਨਾਸ, ਟੋਪੀ, ਕਿਸੇ ਵੀ ਕਿਸਮ ਦੀ ਵੇਸਟ, ਲੰਬੇ ਵਾਲ ਅਤੇ ਪੋਨੀਟੇਲ, ਕੰਨਾਂ ਦੀਆਂ ਵਾਲੀਆਂ, ਗੁੱਟਬੈਂਡ ਪਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ।ਨੋਟੀਫਿਕੇਸ਼ਨ ਵਿੱਚ ਕੁੜੀਆਂ ਨੂੰ ਜੀਨਸ ਨਾਲ ਟੀ-ਸ਼ਰਟ, ਸਲੀਵਲੇਸ ਸ਼ਰਟ, ਸੀ-ਥਰੂ ਅਤੇ ਸਕਿਨਟਾਈਟ ਕੱਪੜੇ ਦੇ ਨਾਲ ਟੀ-ਸ਼ਰਟ ਪਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਈਸਾਈ ਭਾਈਚਾਰਾ ਨਸਲਵਾਦ, ਧਾਰਮਿਕ ਅਸਹਿਣਸ਼ੀਲਤਾ ਨਾਲ ਪੀੜਤ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥਣਾਂ ਨੂੰ ਧਿਆਨ ਆਕਰਸ਼ਿਤ ਕਰਨ ਵਾਲੇ ਗਹਿਣੇ, ਝਾਂਜਰਾਂ ਪਾਉਣ ਅਤੇ ਬਹੁਤ ਜ਼ਿਆਦਾ ਮੇਕਅੱਪ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (FDE), ਜੋ ਇਸਲਾਮਾਬਾਦ ਵਿੱਚ ਵਿਦਿਅਕ ਸੰਸਥਾਵਾਂ ਦੀ ਨਿਗਰਾਨੀ ਕਰਦਾ ਹੈ, ਨੇ ਮਹਿਲਾ ਅਧਿਆਪਕਾਂ ਨੂੰ ਜੀਨਸ ਪਹਿਨਣ ਅਤੇ ਪੁਰਸ਼ਾਂ ਦੇ ਜੀਨਸ-ਟੀ-ਸ਼ਰਟ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਸੀ।