ਪਰਲ ਦੇ ਕਾਤਲਾਂ ਦੀ ਰਿਹਾਈ ਦੇ ਹੁਕਮ 'ਤੇ ਅਮਰੀਕਾ ਗੰਭੀਰ ਰੂਪ ਨਾਲ ਚਿੰਤਤ

12/26/2020 10:38:40 PM

ਵਾਸ਼ਿੰਗਟਨ- ਅਮਰੀਕਾ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗਵਾ ਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਬ੍ਰਿਟਿਸ਼ ਮੂਲ ਦੇ ਅਲ ਕਾਇਦਾ ਨੇਤਾ ਅਹਿਮਦ ਉਮਰ ਸਈਦ ਸ਼ੇਖ ਅਤੇ ਉਸ ਦੇ 3 ਸਾਥੀਆਂ ਨੂੰ ਰਿਹਾਅ ਕਰਨ ਦੇ ਇਕ ਪਾਕਿਸਤਾਨੀ ਅਦਾਲਤ ਦੇ ਫੈਸਲੇ 'ਤੇ ਸ਼ੁੱਕਰਵਾਰ ਨੂੰ ਡੂੰਘੀ ਚਿੰਤਾ ਜਤਾਈ। ਸਿੰਧ ਉੱਚ ਅਦਾਲਤ ਦੀ ਦੋ ਮੈਂਬਰੀ ਇਕ ਬੈਂਚ ਨੇ ਹੈਰਾਨੀਜਨਕ ਕਦਮ ਤਹਿਤ ਵੀਰਵਾਰ ਨੂੰ ਸੁਰੱਖਿਆ ਏਜੰਸੀਆਂ ਨੂੰ ਸ਼ੇਖ ਤੇ ਹੋਰਾਂ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। 

ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਟਵੀਟ ਵਿਚ ਕਿਹਾ ਕਿ ਅਸੀਂ ਡੈਨੀਅਲ ਪਰਲ ਦੇ ਕਤਲ ਲਈ ਜ਼ਿੰਮੇਵਾਰ ਕਈ ਅੱਤਵਾਦੀਆਂ ਨੂੰ ਰਿਹਾਅ ਕਰਨ ਦੇ ਸਿੰਧ ਉੱਚ ਅਦਾਲਤ ਦੇ 24 ਦਸੰਬਰ ਦੇ ਹੁਕਮ ਦੀਆਂ ਖ਼ਬਰਾਂ ਤੋਂ ਚਿੰਤਤ ਹਾਂ। ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋਸ਼ੀਆਂ ਨੂੰ ਇਸ ਸਮੇਂ ਰਿਹਾਅ ਨਹੀਂ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ਵਿਚ ਕਿਸੇ ਵੀ ਘਟਨਾਕ੍ਰਮ ਦੀ ਨਿਗਰਾਨੀ ਕਰਦਾ ਰਹੇਗਾ ਤੇ ਸਾਹਸੀ ਪੱਤਰਕਾਰ ਦੇ ਰੂਪ ਵਿਚ ਪਰਲ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਸਮਰਥਨ ਜਾਰੀ ਰੱਖੇਗਾ। ਅਮਰੀਕਾ ਪਰਲ ਲਈ ਨਿਆਂ ਦੀ ਮੰਗ ਨੂੰ ਲੈ ਕੇ ਪਾਕਿਸਤਾਨ 'ਤੇ ਪਾਉਂਦਾ ਰਿਹਾ ਹੈ। 

ਇਸ ਵਿਚਕਾਰ ਪਰਲ ਦੇ ਰਿਸ਼ਤੇਦਾਰਾਂ ਰੂਥ ਤੇ ਜੂਡੀ ਪਰਲ ਨੇ ਸਿੰਧ ਉੱਚ ਅਦਾਲਤ ਦੇ ਫੈਸਲੇ ਦੀ ਨਿੰਦਾ ਕੀਤੀ। ਸਮਾਚਾਰ ਪੱਤਰ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਉਨ੍ਹਾਂ ਨੇ ਭਰੋਸਾ ਜਤਾਇਆ ਹੈ ਕਿ ਪਾਕਿਸਤਾਨ ਦੇ ਉੱਚ ਅਦਾਲਤ ਨਾਲ ਉਨ੍ਹਾਂ ਦੇ ਪੁੱਤਰ ਨੂੰ ਨਿਆਂ ਮਿਲੇਗਾ ਤੇ ਪ੍ਰੈੱਸ ਦੀ ਸੁਤੰਤਰਤਾ ਦੀ ਸਰਵਉੱਚਤਾ ਬਹਾਲ ਹੋਵੇਗੀ। ਵਾਲ ਸਟ੍ਰੀਟ ਜਨਰਲ ਦੇ ਦੱਖਣੀ ਏਸ਼ੀਆ ਬਿਊਰੋ ਮੁਖੀ ਪਰਲ ਨੂੰ 2002 ਵਿਚ ਅਗਵਾ ਕਰ ਲਿਆ ਗਿਆ ਸੀ ਤੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦ ਉਹ ਪਾਕਿਸਤਾਨ ਵਿਚ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਅੱਤਵਾਦੀ ਸੰਗਠਨ ਅਲਕਾਇਦਾ ਵਿਚਕਾਰ ਜੋੜ 'ਤੇ ਖਬਰਾਂ ਲਈ ਕੰਮ ਕਰ ਰਹੇ ਸਨ। 


Sanjeev

Content Editor

Related News