ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣਾ ਚਾਹੀਦਾ : ਅਮਰੀਕਾ

11/26/2019 1:22:02 PM

ਵਾਸ਼ਿੰਗਟਨ (ਭਾਸ਼ਾ): ਮੁੰਬਈ ਵਿਚ ਕਰੀਬ ਇਕ ਦਹਾਕੇ ਪਹਿਲਾਂ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਯਾਦ ਕਰਦਿਆਂ ਅਮਰੀਕਾ ਨੇ ਕਿਹਾ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਇਆ ਜਾਣਾ ਚਾਹੀਦਾ ਹੈ। ਇਹ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ਵਿਚੋਂ ਇਕ ਸੀ। ਇਸ ਹਮਲੇ ਵਿਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। 26 ਨਵੰਬਰ, 2008 ਨੂੰ ਪਾਕਿਸਤਾਨ ਵੱਲੋਂ ਸਮੁੰਦਰੀ ਰਸਤੇ ਤੋਂ ਆਏ 10 ਅੱਤਵਾਦੀਆਂ ਨੇ ਮੁੰਬਈ ਵਿਚ ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। 

ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਹਮਲੇ ਦੀ 11ਵੀਂ ਬਰਸੀ 'ਤੇ ਟਵੀਟ ਕੀਤਾ,''11 ਸਾਲ ਪਹਿਲਾਂ ਅੱਤਵਾਦ ਦੀ ਕਾਇਰਤਾ ਵਾਲੀ ਕਾਰਵਾਈ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕਾਂ ਦੀ ਜਾਨ ਚਲੀ ਗਈ ਸੀ।'' ਓਰਟਾਗਸ ਨੇ ਕਿਹਾ,''ਅੱਜ ਅਸੀਂ ਮੁੰਬਈ ਅੱਤਵਾਦੀ ਹਮਲੇ ਦੀ ਪੜਤਾਂ ਨੂੰ ਯਾਦ ਕਰਦੇ ਹਾਂ। ਅਸੀਂ ਇਸ ਘਿਨਾਉਣੇ ਅਪਰਾਧ ਦੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮੰਗ ਦੇ ਨਾਲ ਹਾਂ।'' 

 

ਭਾਰਤੀ ਅਮਰੀਕੀ ਅਤੇ ਵਿਭਿੰਨ ਸੰਗਠਨ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਸਾਹਮਣੇ, ਮੁੰਬਈ ਅੱਤਵਾਦੀ ਹਮਲੇ ਵਿਚ ਦੇਸ਼ (ਪਾਕਿਸਤਾਨ) ਦੀ ਭੂਮਿਕਾ 'ਤੇ ਵਿਰੋਧ ਜ਼ਾਹਰ ਕਰਦਿਆਂ ਇਕ ਰੈਲੀ ਕਢਣਗੇ। ਵਿਰੋਧ ਰੈਲੀ ਦੇ ਆਯੋਜਕਾਂ ਨੇ ਕਿਹਾ ਕਿ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਪਾਕਿਸਤਾਨ ਵਿਚ ਆਜ਼ਾਦ ਘੁੰਮ ਰਹੇ ਹਨ। ਪਾਕਿਸਤਾਨੀ ਮੂਲ ਦੇ ਕੈਨੇਡੀਅਨ ਤਾਰਿਕ ਫਤਹਿ ਨੇ ਟਵੀਟ ਕੀਤਾ,''ਸਾਲ 2008 ਵਿਚ ਅੱਜ ਦੇ ਹੀ ਦਿਨ ਲਸ਼ਕਰ-ਏ-ਤੋਇਬਾ ਦੇ 10 ਪਾਕਿਸਤਾਨੀ ਜਿਹਾਦੀ ਅੱਤਵਾਦੀ ਸਮੁੰਦਰ ਦੇ ਰਸਤੇ ਮੁੰਬਈ ਪਹੁੰਚੇ ਅਤੇ 166 ਤੋਂ ਵੱਧ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਇਨ੍ਹਾਂ ਵਿਚੋਂ ਕੁਝ ਤਾਜ ਹੋਟਲ ਵਿਚ ਅਤੇ ਕੁਝ ਯਹੂਦੀ ਸੈਂਟਰ ਵਿਚ ਕੀਤੇ ਹਮਲੇ ਵਿਚ ਮਾਰੇ ਗਏ।''

 


Vandana

Content Editor

Related News