ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਦੀ ਡਾ. ਸੁਰਿੰਦਰ ਸਿੰਘ ਗਿੱਲ ਨਾਲ ਨਿੱਘੀ ਮਿਲਣੀ

11/22/2019 10:22:32 AM

ਵਾਸ਼ਿੰਗਟਨ ਡੀ. ਸੀ/ਲੁਧਿਆਣਾ (ਰਾਜ ਗੋਗਨਾ): ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਸ. ਸਰਦਾਰਾ ਸਿੰਘ ਜੌਹਲ ਜੋ ਕਿ ਸਿੱਖਿਆ ਦੇ ਪ੍ਰਸਾਰਕ ਅਤੇ ਪੰਜਾਬ ਦੀ ਪਲੈਨਿੰਗ ਦੇ ਬਾਦਸ਼ਾਹ ਹਨ। ਉਹ ਲਗਾਤਾਰ ਪੰਜਾਬ ਦੀ ਬਿਹਤਰੀ ਲਈ ਕੋਸ਼ਿਸ਼ਾਂ ਕਰਦੇ ਆ ਰਹੇ ਹਨ। ਉਨ੍ਹਾਂ ਪੰਜਾਬ ਦੀ ਕਿਸਾਨੀ ਲਈ ਅਥਾਹ ਯੋਗਦਾਨ ਪਾਇਆ ਹੈ।ਅਮਰੀਕਾ ਤੋਂ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਨੇ ਸਰਦਾਰਾ ਸਿੰਘ ਜੌਹਲ ਨਾਲ ਇੱਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਕੀਤੀ। ਇਸ ਮੌਕੇ ਡਾ. ਗਿੱਲ ਨੇ ਸਿੱਖਿਆ, ਖੇਤੀਬਾੜੀ, ਨੌਜਵਾਨਾਂ ਦੇ ਭਵਿੱਖ ਅਤੇ ਪੰਜਾਬੀ ਦੀ ਬਿਹਤਰੀ ਲਈ ਡੂੰਘੀਆਂ ਵਿਚਾਰਾਂ ਕੀਤੀਆਂ।

ਸ. ਸਰਦਾਰਾ ਸਿੰਘ ਜੌਹਲ ਨੇ ਬੋਲਦਿਆਂ ਕਿਹਾ ਕਿ ਮਾਨਵਤਾ ਦੇ ਭਲੇ ਲਈ ਵਿਕਲਾਂਗਾਂ, ਨੌਜਵਾਨਾਂ, ਪਿੰਡਾਂ ਦੇ ਬੱਚਿਆਂ ਅਤੇ ਆਰਥਿਕ ਪੱਖੋਂ ਪੱਛੜਿਆਂ ਲਈ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਜੌਹਲ ਸਾਹਿਬ ਨੇ ਚਿੰਤਾ ਪ੍ਰਗਟਾਈ ਕਿ ਅੱਜ ਦੇ ਸਮੇਂ ਵਿੱਚ ਆਪੋ ਧਾਪੀ ਅਤੇ ਨਿੱਜ ਨੂੰ ਪਾਲਣ ਵੱਲ ਹਰ ਕੋਈ ਵੱਧ ਰਿਹਾ ਹੈ। ਜਿਸ ਕਰਕੇ ਪੰਜਾਬ ਨਿਘਾਰ ਵੱਲ ਵੱਧਦਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ, ਜਿਸ ਕਰਕੇ ਉਹ ਪੰਜਾਬ ਦੀ ਹਮੇਸ਼ਾ ਫਿਕਰ ਕਰਦੇ ਹਨ। 

ਸਿੱਖਸ ਆਫ ਅਮਰੀਕਾ ਵੀ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ।ਜਿਸ ਕਰਕੇ ਇਸ ਦਾ ਨਾਮ ਸੰਸਾਰ ਪੱਧਰ 'ਤੇ ਉਭਰ ਕੇ ਸਾਹਮਣੇ ਆਇਆ ਹੈ। ਹੋਰ ਵੀ ਸਮਾਜ ਸੇਵੀ ਸੰਸਥਾਵਾਂ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਦੀਆਂ ਸਰਕਾਰਾਂ ਪ੍ਰਵਾਸੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੀਆਂ। ਜਿਸ ਕਰਕੇ ਪੰਜਾਬ ਦੀ ਇੰਡਸਟਰੀ ਫੇਲ ਹੋ ਰਹੀ ਹੈ ।ਪੰਜਾਬ ਮੰਦਹਾਲੀ ਵਲ ਵੱਧ  ਰਿਹਾ ਹੈ।ਕਰਤਾਰਪੁਰ ਕੋਰੀਡੋਰ 'ਤੇ ਟਿੱਪਣੀ ਕਰਦਿਆਂ ਸ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਹ ਬਹੁਤ ਸ਼ਲਾਘਾਯੋਗ ਕਦਮ ਹੈ । ਜੋ ਸ਼ਾਂਤੀ ਦਾ ਪ੍ਰਤੀਕ ਬਣ ਉਭਰਿਆ ਹੈ। ਪਹਿਲੀ ਪਾਤਸ਼ਾਹੀ ਦੇ 550ਵੇਂ ਗੁਰਪੁਰਬ 'ਤੇ ਅਜਿਹਾ ਹੋਣਾ ਖੁਸ਼ੀ ਵਾਲੀ ਗੱਲ ਹੈ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸੰਗਤ ਨੂੰ ਵੱਧ ਤੋਂ ਵੱਧ ਕਰਤਾਰਪੁਰ ਸਾਹਿਬ ਦੇ ਗੁਰੂਘਰ ਦੇ ਦਰਸ਼ਨ ਕਰਨ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰੂਘਰਾਂ ਵਿੱਚ ਇਸ ਸਬੰਧੀ ਸੂਚਨਾ ਜਾਰੀ ਕੀਤੀ ਜਾਣੀ ਚਾਹੀਦੀ ਹੈ ਤੇ ਰਜਿਸਟ੍ਰੇਸ਼ਨ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ।ਡਾ. ਜੋਹਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਾਂਘੇ ਵਾਲੀ ਜਗ੍ਹਾ ਅਤੇ ਰਿਹਾਇਸ਼ 'ਤੇ ਲੰਗਰਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਹਰੇਕ ਗੁਰੂਘਰ ਤੋਂ ਰੋਜ਼ਾਨਾ ਜਥਾ ਜਾਣਾ ਚਾਹੀਦਾ ਹੈ। ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਖੁਸ਼ੀ-ਖੁਸ਼ੀ ਕਰਨ ਜਾਣ। ਭਾਈ ਲੌਂਗੋਵਾਲ ਹੁਰਾਂ ਵਲੋਂ ਗੁਰੂਘਰ ਵਿਚ ਅੱਜ ਹੋਰਡਿੰਗ ਲਗਾ ਦਿੱਤੇ ਗਏ ਹਨ, ਜੋ ਭਰਪੂਰ ਜਾਣਕਾਰੀ ਦੇ ਰਹੇ ਹਨ। ਹੌਲੀ-ਹੌਲੀ ਰਜਿਸਟ੍ਰੇਸ਼ਨ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਆਸ ਹੈ।


Vandana

Content Editor

Related News