ਕੋਵਿਡ -19: ਅਮਰੀਕਾ ''ਚ 20 ਖਰਬ ਡਾਲਰ ਦੇ ਵਿਸ਼ੇਸ਼ ਪੈਕੇਜ ਦਾ ਐਲਾਨ
Wednesday, Mar 25, 2020 - 05:54 PM (IST)
 
            
            ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਇਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।ਲੌਕਡਾਊਨ ਦੇ ਕਾਰਨ ਕਾਰੋਬਾਰ ਅਤੇ ਸਿਹਤ ਪ੍ਰਣਾਲੀ ਨੂੰ ਪਟੜੀ 'ਤੇ ਲਿਆਉਣ ਲਈ 20 ਖਰਬ ਡਾਲਰ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਸੈਨੇਟ ਦੇ ਦੋਹਾਂ ਪ੍ਰਮੁੱਖ ਰਾਜਨੀਤਕ ਦਲਾਂ ਨੇ ਇਸ ਪੈਕੇਜ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬੇਮਿਸਾਲ ਆਰਥਿਕ ਬਚਾਅ ਪੈਕੇਜ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਸਿੱਧਾ ਭੁਗਤਾਨ ਦੇਵੇਗਾ। ਵਰਕਰਾਂ ਨੂੰ ਆਰਥਿਕ ਤੰਗੀ ਤੋਂ ਉਭਾਰਿਆ ਜਾਵੇਗਾ। ਇਸ ਦੇ ਤਹਿਤ ਬੇਰੋਜ਼ਗਾਰੀ ਨਾਲ ਨਜਿੱਠਣ ਅਤੇ ਛੋਟੇ ਕਾਰੋਬਾਰਾਂ ਨੂੰ ਉਭਾਰਨ ਵਿਚ ਮਦਦ ਮਿਲੇਗੀ। ਹਸਪਤਾਲਾਂ ਨੂੰ ਵੀ ਮਹੱਤਵਪੂਰਨ ਮਦਦ ਮਿਲੇਗੀ।
ਬੇਮਿਸਾਲ ਆਰਥਿਕ ਬਚਾਅ ਪੈਕੇਜ ਵਿਚ ਵਿਅਕਤੀ ਦੀ ਮਦਦ ਰਾਸ਼ੀ ਸਿੱਧੇ ਜਨਤਾ ਕੋਲ ਜਾਵੇਗੀ। ਇਸ ਦੇ ਤਹਿਤ ਹਰੇਕ ਬਾਲਗ ਨਾਗਰਿਕ ਨੂੰ 1200 ਡਾਲਰ ਦਾ ਇਕ ਵਾਰ ਭੁਗਤਾਨ ਕੀਤਾ ਜਾਵੇਗਾ। ਇਸ ਦੇ ਇਲਾਵਾ ਹਰੇਕ ਬੱਚੇ ਨੂੰ 500 ਡਾਲਰ ਮਿਲਣਗੇ। ਕੋਵਿਡ-19 ਰੋਗੀਆਂ ਦਾ ਇਲਾਜ ਕਰ ਰਹੇ ਹਸਪਤਾਲਾਂ ਨੂੰ ਇਕ ਵੱਡੀ ਰਾਸ਼ੀ ਦਿੱਤੀ ਜਾਵੇਗੀ। ਡੈਮੋਕ੍ਰੈਟਿਕ ਨੇਤਾ ਚਕ ਸ਼ੂਮਰ ਨੇ ਕਿਹਾ ਕਿ ਇਹ ਪੈਕੇਜ ਪਹਿਲਾਂ ਤੋਂ ਪ੍ਰਸਤਾਵਿਤ 3 ਮਹੀਨੇ ਦੀ ਬਜਾਏ 4 ਮਹੀਨੇਤੱਕ ਵਰਕਰਾਂ ਨੂੰ ਤਨਖਾਹ ਦੇਣ ਵਿਚ ਮਦਦ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ ਨਾ ਲੌਕਡਾਊਨ, ਨਾ ਬਾਜ਼ਾਰ ਬੰਦ, ਇੰਝ ਦਿੱਤੀ ਕੋਵਿਡ-19 ਨੂੰ ਮਾਤ (ਵੀਡੀਓ)
ਇਕ ਸੈਨੇਟਰ ਨੇ ਕਿਹਾ ਕਿ ਇਹ ਪੈਕੇਜ ਅਮਰੀਕੀਆਂ ਨੂੰ ਸਿਹਤ ਸੰਬੰਧੀ ਗੰਭੀਰ ਸੱਮਸਿਆਵਾਂ ਤੋਂ ਉਭਾਰੇਗਾ।ਸੈਨੇਟਰ ਨੇ ਕਿਹਾ ਕਿ ਅਮਰੀਕਾ ਲਈ ਇਹ ਸਭ ਤੋਂ ਖਤਰਨਾਕ ਦੌਰ ਹੈ। ਇਹ ਅਮਰੀਕੀ ਖੁਸ਼ਹਾਲੀ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਹ ਸਭ ਤੋਂ ਗੰਭੀਰ ਖਤਰਾ ਹੈ। ਮਹਾਮੰਦੀ ਦੇ ਬਾਅਦ ਦੇਸ਼ ਇਕ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈਕਿ ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਦੇਸ਼ ਸਧਾਰਨ ਸਥਿਤੀ ਵਿਚ ਪਰਤ ਆਵੇਗਾ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਹਫਤਿਆਂ ਵਿਚ ਕਈ ਲੋਕਾਂ ਨੂੰ ਕੰਮ 'ਤੇ ਵਾਪਸ ਬੁਲਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਤਾਜਾ ਹਾਲਾਤ ਦੇਖਦੇ ਹੋਏ 12 ਅਪ੍ਰੈਲ ਤੱਕ ਦੇਸ਼ ਦੇ ਸਧਾਰਨ ਸਥਿਤੀ ਵਿਚ ਪਰਤਣ ਦੀ ਆਸ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            