ਸ਼ਨੀ ਗ੍ਰਹਿ ਦੇ 20 ਨਵੇਂ ਚੰਦਰਮਾ ਦੀ ਖੋਜ, ਬਣਿਆ ਨੰਬਰ ਵਨ

Wednesday, Oct 09, 2019 - 01:53 PM (IST)

ਸ਼ਨੀ ਗ੍ਰਹਿ ਦੇ 20 ਨਵੇਂ ਚੰਦਰਮਾ ਦੀ ਖੋਜ, ਬਣਿਆ ਨੰਬਰ ਵਨ

ਵਾਸ਼ਿੰਗਟਨ (ਭਾਸ਼ਾ)— ਪੁਲਾੜ ਵਿਗਿਆਨੀਆਂ ਨੇ ਸ਼ਨੀ ਦੇ ਪੰਧ ਵਿਚ 20 ਨਵੇਂ ਚੰਦਰਮਾ ਦੀ ਖੋਜ ਕੀਤੀ ਹੈ। ਇਸ ਨਾਲ ਸੌਰ ਮੰਡਲ ਦੇ ਇਸ ਗ੍ਰਹਿ ਨੇ 79 ਚੰਦਰਮਾ ਵਾਲੇ ਜੂਪੀਟਰ ਨੂੰ ਪਿੱਛੇ ਛੱਡਦੇ ਹੋਏ ਕੁੱਲ 82 ਚੰਦਰਮਾ ਆਪਣੇ ਖਾਤੇ ਵਿਚ ਕਰ ਲਏ ਹਨ। ਕਿਹਾ ਜਾ ਰਿਹਾ ਹੈ ਕਿ 20 ਨਵੇਂ ਚੰਦਰਮਾ ਦੀ ਖੋਜ ਦੇ ਬਾਅਦ ਛੱਲੇ ਵਾਲੇ ਸ਼ਨੀ ਗ੍ਰਹਿ ਦੇ ਬਾਰੇ ਵਿਚ ਹੋਰ ਜਾਣਕਾਰੀਆਂ ਮਿਲ ਸਕਣਗੀਆਂ। ਅਮਰੀਕਾ ਸਥਿਤ 'ਕਾਰਨੇਜੀ ਇੰਸਟੀਟਿਊਸ਼ਨ ਫੌਰ ਸਾਇੰਸ' ਦੇ ਖੋਜ ਕਰਤਾਵਾਂ ਦਾ ਦਾਅਵਾ ਹੈ ਕਿ ਨਵੇਂ ਖੋਜੇ ਗਏ ਚੰਦਰਮਾ ਦਾ ਵਿਆਸ ਕਰੀਬ 5 ਕਿਲੋਮੀਟਰ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ 17 ਚੰਦਰਮਾ ਆਪਣੀ ਧੁਰੀ ਦੇ ਘੁੰਮਣ ਦੀ ਦਿਸ਼ਾ ਦੇ ਉਲਟ ਦਿਸ਼ਾ ਵਿਚ ਉਸ ਦੇ ਪੰਧ ਵਿਚ ਚੱਕਰ ਲਗਾ ਰਹੇ ਹਨ।

ਇਸ ਖੋਜ ਦਾ ਖੁਲਾਸਾ 'ਇੰਟਰਨੈਸ਼ਨਲ ਐਸਟ੍ਰੋਨੌਮੀਕਲ ਯੂਨੀਅਨ' ਦੇ 'ਮਾਈਨਰ ਪਲੇਨੇਟ ਸੈਂਟਰ' ਵਿਚ ਕੀਤਾ ਗਿਆ। ਇਸ ਵਿਚ ਦੱਸਿਆ ਗਿਆ ਹੈ ਕਿ ਤਿੰਨ ਚੰਦਰਮਾ ਦੇ ਘੁੰਮਣ ਦੀ ਦਿਸ਼ਾ ਉਹੀ ਹੈ ਜਿਸ ਦਿਸ਼ਾ ਵਿਚ ਸ਼ਨੀ ਆਪਣੀ ਧੁਰੀ 'ਤੇ ਘੁੰਮ ਰਿਹਾ ਹੈ। ਸ਼ਨੀ ਦੇ ਘੁੰਮਣ ਦੀ ਦਿਸ਼ਾ ਵਿਚ ਘੁੰਮ ਰਹੇ ਤਿੰਨ ਵਿਚੋਂ ਦੋ ਚੰਦਰਮਾ ਛੱਲੇ ਵਾਲੇ ਇਸ ਗ੍ਰਹਿ ਦੇ ਨੇੜੇ ਹਨ ਅਤੇ ਇਸ ਦੇ ਪੰਧ ਵਿਚ ਆਪਣਾ ਇਕ ਚੱਕਰ ਪੂਰਾ ਕਰਨ ਵਿਚ ਲੱਗਭਗ 2 ਸਾਲ ਦਾ ਸਮਾਂ ਲੈਂਦੇ ਹਨ। ਉੱਥੇ ਉਲਟ ਦਿਸ਼ਾ ਵਿਚ ਘੁੰਮਣ ਵਾਲੇ ਚੰਦਰਮਾ ਵਿਚੋਂ ਸਭ ਤੋਂ ਦੂਰ ਸਥਿਤ ਚੰਨ ਸ਼ਨੀ ਦਾ ਚੱਕਰ ਲਗਾਉਣ ਵਿਚ 3 ਸਾਲ ਤੋਂ ਵੱਧ ਦਾ ਸਮਾਂ ਲੈਂਦੇ ਹਨ। 

ਖੋਜ ਦਲ ਦੀ ਅਗਵਾਈ ਕਰਨ ਵਾਲੇ ਸਕੌਟ ਐੱਸ. ਸ਼ੇਫਰਡ ਨੇ ਦੱਸਿਆ,''ਇਨ੍ਹਾਂ ਚੰਦਰਮਾ ਦੇ ਪੰਧ ਦੇ ਅਧਿਐਨ ਨਾਲ ਉਨ੍ਹਾਂ ਦੇ ਜਨਮ ਅਤੇ ਬਣਨ ਦੇ ਸਮੇਂ ਸ਼ਨੀ ਦੇ ਆਲੇ-ਦੁਆਲੇ ਦੀਆਂ ਸਥਿਤੀਆਂ ਦੇ ਬਾਰੇ ਵਿਚ ਜਾਣਕਾਰੀ ਮਿਲ ਸਕਦੀ ਹੈ।'' ਸ਼ੇਫਰਡ 'ਕਾਰਨੇਜੀ ਇੰਸਟੀਟਿਊਸ਼ਨ ਫੌਰ ਸਾਇੰਸ' ਨਾਲ ਸਬੰਧਤ ਹਨ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਨਵੇਂ ਖੋਜੇ ਗਏ ਅਤੇ ਸ਼ਨੀ ਦੇ ਘੁੰਮਣ ਦੀ ਦਿਸ਼ਾ ਵਿਚ ਘੁੰਮ ਰਹੇ ਚੰਦਰਮਾ ਸ਼ਾਇਦ ਪਹਿਲਾਂ ਕਦੇ ਇਕ ਹੀ ਚੰਨ ਰਹੇ ਹੋਣਗੇ ਜੋ ਬਾਅਦ ਵਿਚ ਦੋ ਹਿੱਸਿਆਂ ਵਿਚ ਟੁੱਟ ਗਿਆ।


author

Vandana

Content Editor

Related News